ਜਲੰਧਰ (ਪੰਕਜ਼ ਸੋਨੀ/ ਹਨੀ ਸਿੰਘ)ਜਲੰਧਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਡਾਕਟਰਾਂ ਨੇ 42 ਸਾਲਾ ਮਹਿਲਾ ਦਾ ਬ੍ਰੇਨ ਟਿਊਮਰ ਬਿਨਾ ਪੂਰੀ ਤਰ੍ਹਾਂ ਬੇਹੋਸ਼ ਕੀਤੇ ਸਫਲਤਾਪੂਰਵਕ ਕੱਢ ਦਿੱਤਾ। ਓਪਰੇਸ਼ਨ ਦੌਰਾਨ ਮਹਿਲਾ ਲਗਾਤਾਰ ਹਨੂਮਾਨ ਚਾਲੀਸਾ ਦਾ ਪਾਠ ਕਰਦੀ ਰਹੀ ਅਤੇ ਡਾਕਟਰਾਂ ਦੇ ਸਵਾਲਾਂ ਦੇ ਜਵਾਬ ਦਿੰਦੀ ਰਹੀ।
ਡਾਕਟਰਾਂ ਅਨੁਸਾਰ ਮਹਿਲਾ ਦੇ ਦਿਮਾਗ ਦੇ ਉਸ ਹਿੱਸੇ ਵਿੱਚ ਟਿਊਮਰ ਸੀ ਜੋ ਬੋਲਣ ਅਤੇ ਭਾਸ਼ਾ ਸਮਝਣ ਦੀ ਸਮਰੱਥਾ ਨੂੰ ਨਿਯੰਤਰਿਤ ਕਰਦਾ ਹੈ। ਜੇਕਰ ਓਪਰੇਸ਼ਨ ਦੌਰਾਨ ਜ਼ਰਾ ਵੀ ਗਲਤੀ ਹੋ ਜਾਂਦੀ ਤਾਂ ਮਹਿਲਾ ਆਪਣੀ ਆਵਾਜ਼ ਸਦਾ ਲਈ ਖੋ ਸਕਦੀ ਸੀ। ਇਸ ਕਰਕੇ ਡਾਕਟਰਾਂ ਨੇ ‘ਅਵੇਕ ਬ੍ਰੇਨ ਸਰਜਰੀ’ ਤਕਨੀਕ ਅਪਣਾਈ, ਜਿਸ ਵਿੱਚ ਮਰੀਜ਼ ਨੂੰ ਪੂਰੀ ਤਰ੍ਹਾਂ ਬੇਹੋਸ਼ ਨਹੀਂ ਕੀਤਾ ਜਾਂਦਾ ਤਾਂ ਜੋ ਉਸਦੀ ਬੋਲਣ ਦੀ ਸਮਰੱਥਾ ’ਤੇ ਨਿਗਰਾਨੀ ਰੱਖੀ ਜਾ ਸਕੇ।
ਨਵਾਂਸ਼ਹਿਰ ਦੀ ਰਹਿਣ ਵਾਲੀ ਇਸ ਮਹਿਲਾ ਨੂੰ ਓਪਰੇਸ਼ਨ ਦੌਰਾਨ ਡਾਕਟਰਾਂ ਵੱਲੋਂ ਕੁਝ ਨਾ ਕੁਝ ਬੋਲਦੇ ਰਹਿਣ ਲਈ ਕਿਹਾ ਗਿਆ ਸੀ। ਹੌਸਲਾ ਬਣਾਈ ਰੱਖਣ ਲਈ ਉਹ ਤਿੰਨ ਤੋਂ ਚਾਰ ਘੰਟਿਆਂ ਤੱਕ ਹਨੂਮਾਨ ਚਾਲੀਸਾ ਪੜ੍ਹਦੀ ਰਹੀ। ਇਸ ਨਾਲ ਡਾਕਟਰਾਂ ਨੂੰ ਹਰ ਵੇਲੇ ਫੀਡਬੈਕ ਮਿਲਦਾ ਰਿਹਾ ਕਿ ਦਿਮਾਗ ਦਾ ਬੋਲਣ ਵਾਲਾ ਹਿੱਸਾ ਠੀਕ ਤਰ੍ਹਾਂ ਕੰਮ ਕਰ ਰਿਹਾ ਹੈ।
ਓਪਰੇਸ਼ਨ ਨੂੰ ਕਾਮਯਾਬ ਬਣਾਉਣ ਲਈ ਐਨੇਸਥੀਸੀਆ ਟੀਮ ਦੇ ਡਾ. ਯਾਸਿਰ ਰਜ਼ਾਕ ਅਤੇ ਡਾ. ਸੌਰਭ ਭਟੇਜਾ ਨੇ ਸਹਿਯੋਗ ਦਿੱਤਾ। ਨਿਊਰੋ-ਨੇਵੀਗੇਸ਼ਨ ਸਿਸਟਮ ਅਤੇ ਆਧੁਨਿਕ ਸੀਯੂਰਸ (CUSA) ਮਸ਼ੀਨ ਦੀ ਮਦਦ ਨਾਲ ਟਿਊਮਰ ਦੀ ਸਹੀ ਸਥਿਤੀ ਦਾ ਪਤਾ ਲਗਾ ਕੇ ਉਸਨੂੰ ਬਹੁਤ ਸਾਵਧਾਨੀ ਨਾਲ ਹਟਾਇਆ ਗਿਆ, ਤਾਂ ਜੋ ਬੋਲਣ ਵਾਲੀਆਂ ਨਸਾਂ ਸੁਰੱਖਿਅਤ ਰਹਿਣ।
ਡਾਕਟਰਾਂ ਦਾ ਕਹਿਣਾ ਹੈ ਕਿ ਬਿਨਾ ਬੇਹੋਸ਼ ਕੀਤੇ ਬ੍ਰੇਨ ਸਰਜਰੀ ਕਰਨਾ ਕਾਫੀ ਜੋਖਿਮ ਭਰਿਆ ਹੁੰਦਾ ਹੈ, ਪਰ ਇਸ ਮਾਮਲੇ ਵਿੱਚ ਇਹ ਜ਼ਰੂਰੀ ਸੀ। ਇਸ ਸਮੇਂ ਮਹਿਲਾ ਪੂਰੀ ਤਰ੍ਹਾਂ ਸਿਹਤਮੰਦ ਹੈ ਅਤੇ ਉਸਦੀ ਬੋਲਣ ਅਤੇ ਸਮਝਣ ਦੀ ਸਮਰੱਥਾ ਸੁਰੱਖਿਅਤ ਹੈ।















