ਲੁਧਿਆਣਾ: ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਕੌਰ ਭੱਠਲ ਦੇ ਤਾਜ਼ਾ ਬਿਆਨ ਨੇ ਸੂਬੇ ਦੀ ਰਾਜਨੀਤੀ ਵਿੱਚ ਭੂਚਾਲ ਲਿਆ ਦਿੱਤਾ ਹੈ। ਭੱਠਲ ਨੇ ਸਨਸਨੀਖੇਜ਼ ਦਾਅਵਾ ਕਰਦਿਆਂ ਕਿਹਾ ਕਿ ਜਦੋਂ ਉਹ ਮੁੱਖ ਮੰਤਰੀ ਸਨ, ਤਦ ਕੁਝ ਅਫਸਰਾਂ ਨੇ ਉਨ੍ਹਾਂ ਨੂੰ ਸਰਕਾਰ ਦੁਬਾਰਾ ਬਣਾਉਣ ਲਈ ਬਾਜ਼ਾਰਾਂ ਅਤੇ ਟ੍ਰੇਨਾਂ ਵਿੱਚ ਧਮਾਕੇ ਕਰਵਾ ਕੇ ਦਹਿਸ਼ਤ ਫੈਲਾਉਣ ਦੀ ਸਲਾਹ ਦਿੱਤੀ ਸੀ।
ਭੱਠਲ ਮੁਤਾਬਕ ਉਨ੍ਹਾਂ ਨੇ ਇਸ ਪ੍ਰਸਤਾਵ ਨੂੰ ਤੁਰੰਤ ਰੱਦ ਕਰ ਦਿੱਤਾ ਅਤੇ ਅਫਸਰਾਂ ਨੂੰ ਸਾਫ਼ ਕਹਿ ਦਿੱਤਾ ਕਿ ਉਹ “ਲਾਸ਼ਾਂ ‘ਤੇ ਰਾਜਨੀਤੀ” ਨਹੀਂ ਕਰਨਗੇ। ਉਨ੍ਹਾਂ ਨੇ ਕਿਹਾ ਕਿ ਜੇ ਚੋਣਾਂ ਤੋਂ ਪਹਿਲਾਂ ਕੋਈ ਛੋਟੀ ਘਟਨਾ ਵੀ ਵਾਪਰਦੀ ਤਾਂ ਉਸ ਦੀ ਜ਼ਿੰਮੇਵਾਰੀ ਨਿਰਧਾਰਤ ਕਰਕੇ ਸਖ਼ਤ ਕਾਰਵਾਈ ਕੀਤੀ ਜਾਂਦੀ। “ਮੁੱਖ ਮੰਤਰੀ ਅਫਸਰਾਂ ਦੀ ਸਲਾਹ ਮੰਨੇ ਜਾਂ ਨਾ ਮੰਨੇ, ਇਹ ਉਸ ਦੀ ਮਰਜ਼ੀ ਹੁੰਦੀ ਹੈ, ਪਰ ਮੈਂ ਅਜਿਹੀ ਘਟੀਆ ਸੋਚ ਨੂੰ ਠੁਕਰਾ ਦਿੱਤਾ ਸੀ,” ਭੱਠਲ ਨੇ ਕਿਹਾ।
ਯਾਦ ਰਹੇ ਕਿ ਰਾਜਿੰਦਰ ਕੌਰ ਭੱਠਲ 21 ਨਵੰਬਰ 1996 ਤੋਂ 11 ਫਰਵਰੀ 1997 ਤੱਕ ਪੰਜਾਬ ਦੀ ਮੁੱਖ ਮੰਤਰੀ ਰਹੀ ਅਤੇ ਉਹ ਸੂਬੇ ਦੀ ਇਕਲੌਤੀ ਮਹਿਲਾ ਮੁੱਖ ਮੰਤਰੀ ਹਨ।
ਭੱਠਲ ਦੇ ਇਸ ਬਿਆਨ ਨਾਲ ਸਿਆਸੀ ਮੰਚ ਗਰਮਾ ਗਿਆ ਹੈ। ਆਮ ਆਦਮੀ ਪਾਰਟੀ ਦੇ ਆਗੂ ਕੁਲਦੀਪ ਸਿੰਘ ਧਾਲੀਵਾਲ ਨੇ ਮੰਗ ਕੀਤੀ ਕਿ ਭੱਠਲ ਸਪਸ਼ਟ ਕਰਨ ਕਿ ਉਹ ਕੌਣ ਅਧਿਕਾਰੀ ਸਨ ਜੋ ਪੰਜਾਬ ਨੂੰ ਅੱਗ ਵਿੱਚ ਝੋਂਕਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਇਸ ਨਾਲ ਕਾਂਗਰਸ ਦਾ ਅਸਲੀ ਚਿਹਰਾ ਸਾਹਮਣੇ ਆਇਆ ਹੈ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਗਈ ਹੈ। ਆਗੂਆਂ ਨੇ ਕਿਹਾ ਕਿ ਜਿਨ੍ਹਾਂ ਅਧਿਕਾਰੀਆਂ ਨੇ ਅਜਿਹੀ ਸਲਾਹ ਦਿੱਤੀ, ਉਨ੍ਹਾਂ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ।
ਦੂਜੇ ਪਾਸੇ ਕਾਂਗਰਸ ਦੇ ਪ੍ਰਵਕਤਾ ਦੁਰਗੇਸ਼ ਸਿਧੂ ਨੇ ਕਿਹਾ ਕਿ ਇਹ ਗੱਲ ਕਿਸੇ ਪਾਰਟੀ ਬੈਠਕ ਵਿੱਚ ਨਹੀਂ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਜੇ ਅਜਿਹੇ ਅਫਸਰ ਸਨ ਤਾਂ ਉਨ੍ਹਾਂ ਦੇ ਨਾਮ ਜਨਤਕ ਕੀਤੇ ਜਾਣ ਅਤੇ ਇਸ ਮਾਮਲੇ ਨਾਲ ਕਾਂਗਰਸ ਪਾਰਟੀ ਦਾ ਕੋਈ ਲੈਣਾ-ਦੇਣਾ ਨਹੀਂ।
ਭਾਜਪਾ ਨੇ ਵੀ ਮਾਮਲੇ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜੇ ਅਜਿਹੀ ਸਲਾਹ ਦਿੱਤੀ ਗਈ ਸੀ ਤਾਂ ਤੁਰੰਤ ਕਾਰਵਾਈ ਹੋਣੀ ਚਾਹੀਦੀ ਸੀ ਅਤੇ ਸੱਚਾਈ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ।
ਸਾਬਕਾ ਮੁੱਖ ਮੰਤਰੀ ਦੇ ਇਸ ਬਿਆਨ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਤਣਾਅ ਵਧ ਗਿਆ ਹੈ ਅਤੇ ਹੁਣ ਸਭ ਦੀ ਨਿਗਾਹ ਇਸ ਗੱਲ ‘ਤੇ ਟਿਕੀ ਹੈ ਕਿ ਕੀ ਇਸ ਮਾਮਲੇ ‘ਚ ਕੋਈ ਅਧਿਕਾਰਕ ਜਾਂਚ ਅੱਗੇ ਵਧੇਗੀ ਜਾਂ ਸਿਆਸੀ ਤਕਰਾਰ ਹੀ ਜਾਰੀ ਰਹੇਗੀ।

















