ਇੰਸਟਾਗ੍ਰਾਮ ਰਾਹੀਂ ਭੜਕਾਏ ਜਾ ਰਹੇ ਸਨ ਨੌਜਵਾਨ, KCF ਦੇ ਕਈ ਵਾਟਸਐਪ ਗਰੁੱਪ ਟ੍ਰੈਕ

KCF ਹੈਂਡਲਰਾਂ ਦੇ ਸੋਸ਼ਲ ਮੀਡੀਆ ਗਰੁੱਪਾਂ ਨਾਲ ਜੁੜੇ ਸੈਂਕੜੇ ਨੌਜਵਾਨ, ਪੰਜਾਬ ਪੁਲਿਸ ਨੇ ਟ੍ਰੈਕਿੰਗ ਕੀਤੀ ਸ਼ੁਰੂ

ਖਾਲਿਸਤਾਨ ਕਮਾਂਡੋ ਫੋਰਸ (KCF) ਨਾਲ ਜੁੜੇ ਆਤੰਕੀ ਨੈੱਟਵਰਕ ਖ਼ਿਲਾਫ਼ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਲੁਧਿਆਣਾ ਤੋਂ ਦੋ ਨੌਜਵਾਨਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਜਾਂਚ ਵਿੱਚ ਕਈ ਹੈਰਾਨੀਜਨਕ ਖੁਲਾਸੇ ਸਾਹਮਣੇ ਆਏ ਹਨ।

ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਹੈਬੋਵਾਲ ਕਲਾਂ ਨਿਵਾਸੀ ਕਰਨਬੀਰ ਸਿੰਘ (34) ਅਤੇ ਨਿਊ ਸ਼ਿਮਲਾਪੁਰੀ ਨਿਵਾਸੀ ਅਵਤਾਰ ਸਿੰਘ (25) ਵਜੋਂ ਹੋਈ ਹੈ। ਦੋਵਾਂ ਨੂੰ 7 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਵਿਚੋਂ 9 MM ਪਿਸਤੌਲ ਅਤੇ 5 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।

ਜਰਮਨੀ-ਯੂਕੇ ਤੋਂ ਚਲ ਰਿਹਾ ਸੀ ਨੈੱਟਵਰਕ

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਅਤੇ ਯੂਕੇ ਵਿੱਚ ਬੈਠੇ ਮਾਸਟਰਮਾਈਂਡ ਕੁਲਦੀਪ ਸਿੰਘ ਇੰਸਟਾਗ੍ਰਾਮ ਰਾਹੀਂ ਨੌਜਵਾਨਾਂ ਨੂੰ ਆਤੰਕੀ ਨੈੱਟਵਰਕ ਨਾਲ ਜੋੜ ਰਿਹਾ ਸੀ। ਦੋਸ਼ੀਆਂ ਦੇ ਸੰਬੰਧ ਪਾਕਿਸਤਾਨ ਵਿਚ ਬੈਠੇ ਆਤੰਕੀ ਰਿੰਦਾ ਅਤੇ ਯੂਕੇ ਵਿਚ ਛੁਪੇ ਕੁਲਵੰਤ ਸਿੰਘ ਉਰਫ਼ ਕਾਂਤਾ (ਮਾਨ ਸਿੰਘ) ਨਾਲ ਵੀ ਜੁੜੇ ਹੋਏ ਸਨ।

ਟਾਰਗੇਟ ਕਿਲਿੰਗ ਦੀ ਸਾਜ਼ਿਸ਼

ਸਟੇਟ ਸਪੈਸ਼ਲ ਓਪਰੇਸ਼ਨ ਸੈੱਲ (SSOC) ਮੋਹਾਲੀ ਅਤੇ ਕਾਊਂਟਰ ਇੰਟੈਲੀਜੈਂਸ ਲੁਧਿਆਣਾ ਦੀ ਸਾਂਝੀ ਕਾਰਵਾਈ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਜਰਮਨੀ ਅਤੇ ਯੂਕੇ ਵਿੱਚ ਬੈਠੇ KCF ਹੈਂਡਲਰਾਂ ਦੇ ਸੰਪਰਕ ਵਿੱਚ ਸਨ। ਪੁਲਿਸ ਮੁਤਾਬਕ ਦੋਸ਼ੀਆਂ ਨੇ ਉਨ੍ਹਾਂ ਦੇ ਹੁਕਮਾਂ ‘ਤੇ ਲੁਧਿਆਣਾ ਵਿੱਚ ਸਰਕਾਰੀ ਅਤੇ ਮਹੱਤਵਪੂਰਨ ਸਥਾਪਨਾਵਾਂ ਦੀ ਰੇਕੀ ਕੀਤੀ ਸੀ ਅਤੇ ਟਾਰਗੇਟ ਕਿਲਿੰਗ ਦੀ ਯੋਜਨਾ ਬਣਾਈ ਜਾ ਰਹੀ ਸੀ।

ਵਾਟਸਐਪ ਗਰੁੱਪਾਂ ਰਾਹੀਂ ਨੌਜਵਾਨਾਂ ਨੂੰ ਭੜਕਾਇਆ

ਜਾਂਚ ਦੌਰਾਨ ਵੱਡਾ ਖੁਲਾਸਾ ਇਹ ਵੀ ਹੋਇਆ ਹੈ ਕਿ ਜਰਮਨੀ ਵਿਚ ਬੈਠੇ KCF ਹੈਂਡਲਰ ਨੇ ਕਈ ਵਾਟਸਐਪ ਗਰੁੱਪ ਬਣਾਏ ਹੋਏ ਸਨ, ਜਿਨ੍ਹਾਂ ਵਿੱਚ ਸੈਂਕੜੇ ਨੌਜਵਾਨਾਂ ਨੂੰ ਜੋੜਿਆ ਗਿਆ ਸੀ। ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਕਟਰਪੰਥੀ ਵਿਚਾਰਧਾਰਾ ਨਾਲ ਪ੍ਰਭਾਵਿਤ ਕੀਤਾ ਜਾ ਰਿਹਾ ਸੀ।

5 ਮਹੀਨੇ ਤੋਂ ਕੀਤੀ ਜਾ ਰਹੀ ਸੀ ਬ੍ਰੇਨਵਾਸ਼ਿੰਗ

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਬੈਠੇ ਹੈਂਡਲਰ ਇੰਸਟਾਗ੍ਰਾਮ ‘ਤੇ ਭੜਕਾਊ ਸਮੱਗਰੀ ਪੋਸਟ ਕਰਦੇ ਸਨ, ਜਿਸਨੂੰ ਕਰਨਬੀਰ ਅਤੇ ਅਵਤਾਰ ਲਗਾਤਾਰ ਦੇਖਦੇ ਰਹੇ। ਬਾਅਦ ਵਿੱਚ ਉਨ੍ਹਾਂ ਨੂੰ ਵਾਟਸਐਪ ਗਰੁੱਪਾਂ ਵਿੱਚ ਸ਼ਾਮਲ ਕਰ ਲਿਆ ਗਿਆ, ਜਿੱਥੇ ਕਰੀਬ 5 ਮਹੀਨੇ ਤੱਕ ਲਗਾਤਾਰ ਭੜਕਾਇਆ ਗਿਆ।

ਹੋਰ ਗਰੁੱਪਾਂ ਦੀ ਵੀ ਟ੍ਰੈਕਿੰਗ ਸ਼ੁਰੂ

ਪੁਲਿਸ ਮੁਤਾਬਕ ਪੁੱਛਗਿੱਛ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਅਜੇ ਹੋਰ ਕਈ ਵਾਟਸਐਪ ਗਰੁੱਪ ਸਰਗਰਮ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਜੁੜੇ ਹੋਏ ਹਨ। ਇਨ੍ਹਾਂ ਸਾਰੇ ਗਰੁੱਪਾਂ ਨੂੰ ਟ੍ਰੈਕ ਕਰਕੇ ਪੂਰੇ ਨੈੱਟਵਰਕ ਨੂੰ ਤੋੜਨ ਦੀ ਕਾਰਵਾਈ ਜਾਰੀ ਹੈ। ਇਸੇ ਮਾਮਲੇ ਨਾਲ ਜੁੜਿਆ ਹਰਿਆਣਾ ਤੋਂ ਇੱਕ ਹੋਰ ਦੋਸ਼ੀ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਫਿਲਹਾਲ ਪੁਲਿਸ ਨੂੰ ਕਿਸੇ ਤਰ੍ਹਾਂ ਦੀ ਫੰਡਿੰਗ ਦੇ ਸਪਸ਼ਟ ਸਬੂਤ ਨਹੀਂ ਮਿਲੇ ਹਨ, ਪਰ ਜਾਂਚ ਜਾਰੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਪੈਸਿਆਂ ਦਾ ਲਾਲਚ ਜ਼ਰੂਰ ਦਿੱਤਾ ਗਿਆ ਹੋਵੇਗਾ।

ਇਸ ਮਾਮਲੇ ‘ਚ ਥਾਣਾ SSOC ਐਸਏਐਸ ਨਗਰ ਵਿੱਚ BNS ਦੀ ਧਾਰਾ 113(5) ਅਤੇ 61(2) ਤਹਿਤ ਕੇਸ ਦਰਜ ਕੀਤਾ ਗਿਆ ਹੈ।