ਬਿਕਰਮ ਮਜੀਠੀਆ ਦੀ ਅੱਜ ਕੋਰਟ ‘ਚ ਮੁੜ ਪੇਸ਼ੀ, ਕਈ ਅਕਾਲੀ ਆਗੂਆਂ ਨੂੰ ਕੀਤਾ ਗਿਆ ਨਜ਼ਰਬੰਦ

ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦਾ ਨਿਆਇਕ ਰਿਮਾਂਡ ਅੱਜ ਖ਼ਤਮ ਹੋ ਰਿਹਾ ਹੈ। ਉਨ੍ਹਾਂ ਨੂੰ ਅੱਜ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮਜੀਠੀਆ ਦੀ ਪੇਸ਼ੀ ਤੋਂ ਪਹਿਲਾਂ ਕਈ ਅਕਾਲੀ ਆਗੂਆਂ ਨੂੰ ਨਜ਼ਰਬੰਦ ਕਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।

ਦਰਅਸਲ ਪੁਲਿਸ ਨੂੰ ਡਰ ਹੈ ਕਿ ਅਕਾਲੀ ਦਲ ਦੇ ਆਗੂ ਕੋਰਟ ਦੇ ਬਾਹਰ ਇਕੱਠੇ ਹੋ ਸਕਦੇ ਹਨ। ਪੁਲਿਸ ਨੇ ਕਈ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਅਜਿਹੇ ਕਈ ਮੈਸੇਜ ਸਾਹਮਣੇ ਆ ਰਹੇ ਹਨ ਜਿਨ੍ਹਾਂ ਵਿਚ ਅਕਾਲੀ ਆਗੂ ਘਰ ਵਿਚ ਨਜ਼ਰਬੰਦ ਕੀਤੇ ਹੋਏ ਨਜ਼ਰ ਆ ਰਹੇ ਹਨ।

ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੀ ਟੀਮ ਨੇ ਵੀ ਇਸੇ ਤਰ੍ਹਾਂ ਦੀਆਂ ਪੋਸਟਾਂ ਪਾਈਆਂ ਹਨ। ਅਕਾਲੀ ਆਗੂ ਜਾਹਿਦਾ ਸੁਲੇਮਨ ਨੂੰ ਵੀ ਘਰ ਵਿਚ ਡਿਟੇਨ ਕਰਨ ਦੀਆਂ ਖਬਰਾਂ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਤੜਕੇ 4 ਵਜੇ ਹੀ ਪੁਲਿਸ ਦੀਆਂ ਗੱਡੀਆਂ ਉਨ੍ਹਾਂ ਦੇ ਘਰ ਪਹੁੰਚ ਗਈਆਂ ਤੇ ਘਰ ਤੋਂ ਬਾਹਰ ਨਾ ਨਿਕਲਣ ਦੇ ਹੁਕਮ ਦਿੱਤੇ ਗਏ।

ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਤੇ ਸੁਖਵਿੰਦਰ ਸਿੰਘ ਛਿੰਦੀ ਬੱਲੋਮਾਜਰਾ ਸਣੇ ਹੋਰ ਵੀ ਕਈ ਅਕਾਲੀ ਆਗੂਆਂ ਨੂੰ ਹਾਊ ਅਰੈਸਟ ਕੀਤਾ ਗਿਆ ਹੈ। ਹਲਾਕ ਨਿਹਾਲ ਸਿੰਘ ਵਾਲਾ ਚੇਅਰਮੈਨ ਖਣਮੁੱਖ ਭਾਰਤੀ ਪੱਤੋਂ ਨੇ ਕਿਹਾ ਕਿ ਮੋਗਾ ਜ਼ਿਲ੍ਹੇ ਨੂੰ ਮੋਹਾਲੀ ਕੋਰਟ ਵਿਖੇ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ ਪਰ ਫਿਰ ਵੀ ਬਿਕਰਮ ਮਜੀਠੀਆ ਦੀ ਪੇਸ਼ੀ ਤੋ ਪਹਿਲਾਂ ਉਨ੍ਹਾਂ ਨੂੰ ਘਰ ਵਿਚ ਨਜ਼ਰਬੰਦ ਕੀਤਾ ਗਿਆ ਹੈ। ਦੂਜੇ ਪਾਸੇ ਮਜੀਠੀਆ ਦੀ ਪੇਸ਼ੀ ਨੂੰ ਲੈ ਕੇ ਸਾਰੇ ਜ਼ਿਲ੍ਹਿਆਂ ਦੀ ਪੁਲਿਸ ਵੀ ਐਕਸ਼ਨ ਵਿਚ ਹੈ। ਨਾਭਾ ਦੀਆਂ ਸੜਕਾਂ ‘ਤੇ ਪੁਲਿਸ ਹੀ ਪੁਲਿਸ ਨਜ਼ਰ ਆ ਰਹੀ ਹੈ।