ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਸ਼ੋਅ ਦਾ ਸਟੇਜ ਫੋਟੋ ਜਾਰੀ: ਬਲਕੌਰ ਸਿੰਘ ਟੀਮ ਨਾਲ ਨਜ਼ਰ ਆਏ, ਇਸੇ ਸਾਲ ਹੋਵੇਗਾ ਸ਼ੋਅ

ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਸ਼ੋਅ ਦਾ ਸਟੇਜ ਫੋਟੋ ਜਾਰੀ: ਬਲਕੌਰ ਸਿੰਘ ਸਿੱਧੂ ਟੀਮ ਨਾਲ ਨਜ਼ਰ ਆਏ, ਇਸੇ ਸਾਲ ਥ੍ਰੀ-ਡੀ ’ਚ ਜਿੰਦਾ ਹੋਵੇਗੀ ਸਿੱਧੂ ਦੀ ਆਵਾਜ਼

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਅਮਰ ਸਿਤਾਰੇ ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਸ਼ੋਅ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਇਸ ਸ਼ੋਅ ਨਾਲ ਜੁੜਿਆ ਸਟੇਜ ਦਾ ਪਹਿਲਾ ਫੋਟੋ ਰਿਲੀਜ਼ ਕੀਤਾ ਹੈ, ਜਿਸ ਤੋਂ ਬਾਅਦ ਫੈਨਜ਼ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਹ ਹੋਲੋਗ੍ਰਾਮ ਸ਼ੋਅ ਇਸੇ ਸਾਲ ਆਯੋਜਿਤ ਕੀਤਾ ਜਾਣਾ ਹੈ, ਜਿਸ ਵਿੱਚ ਸਿੱਧੂ ਮੂਸੇਵਾਲਾ ਨੂੰ ਥ੍ਰੀ-ਡੀ ਟੈਕਨਾਲੋਜੀ ਦੇ ਜ਼ਰੀਏ ਸਟੇਜ ’ਤੇ ਲਾਈਵ ਪਰਫਾਰਮ ਕਰਦੇ ਦਿਖਾਇਆ ਜਾਵੇਗਾ।

ਬਲਕੌਰ ਸਿੰਘ ਸਿੱਧੂ ਵੱਲੋਂ ਜਾਰੀ ਕੀਤੇ ਗਏ ਇਸ ਫੋਟੋ ਨੇ ਸਿੱਧੂ ਦੇ ਫੈਨਜ਼ ਦੀਆਂ ਭਾਵਨਾਵਾਂ ਨੂੰ ਛੂਹ ਲਿਆ ਹੈ। ਫੋਟੋ ਵਿੱਚ ਸਿੱਧੂ ਮੂਸੇਵਾਲਾ ਆਪਣੇ ਮਸ਼ਹੂਰ ਸਿਗਨੇਚਰ ਸਟਾਈਲ ਵਿੱਚ ਖੜ੍ਹੇ ਨਜ਼ਰ ਆ ਰਹੇ ਹਨ। ਹਾਲਾਂਕਿ ਇਹ ਸਿਰਫ਼ ਉਨ੍ਹਾਂ ਦੀ ਪਿੱਛੋਂ ਦਿੱਖ ਹੈ, ਪਰ ਇਸ ਨਾਲ ਹੀ ਸਿੱਧੂ ਦੀ ਮੌਜੂਦਗੀ ਦਾ ਅਹਿਸਾਸ ਹੋ ਜਾਂਦਾ ਹੈ। ਫੋਟੋ ਵਿੱਚ ਬਲਕੌਰ ਸਿੰਘ ਸਿੱਧੂ ਦੇ ਨਾਲ ਹੋਲੋਗ੍ਰਾਮ ਸ਼ੋਅ ਨੂੰ ਡਿਜ਼ਾਈਨ ਕਰਨ ਵਾਲੀ ਇਟਲੀ ਦੀ ਟੀਮ ਦੇ ਮੈਂਬਰ ਵੀ ਮੌਜੂਦ ਹਨ।

ਇਟਲੀ ਦੇ ਕਲਾਕਾਰ ਤਿਆਰ ਕਰ ਰਹੇ ਹਨ ਸ਼ੋਅ

ਸਿੱਧੂ ਮੂਸੇਵਾਲਾ ਦਾ ਇਹ ਹੋਲੋਗ੍ਰਾਮ ਸ਼ੋਅ ਪੂਰੀ ਤਰ੍ਹਾਂ ਅੰਤਰਰਾਸ਼ਟਰੀ ਪੱਧਰ ’ਤੇ ਤਿਆਰ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ, ਇਟਲੀ ਦੇ ਮਸ਼ਹੂਰ ਟੈਕਨਾਲੋਜੀ ਅਤੇ ਵਿਜ਼ੂਅਲ ਆਰਟ ਕਲਾਕਾਰ ਇਸ ਪ੍ਰੋਜੈਕਟ ’ਤੇ ਕੰਮ ਕਰ ਰਹੇ ਹਨ। ਇਹ ਟੀਮ ਦੁਨੀਆ ਭਰ ਵਿੱਚ ਵੱਡੇ ਹੋਲੋਗ੍ਰਾਮ ਸ਼ੋਅਜ਼ ਤਿਆਰ ਕਰਨ ਦਾ ਤਜਰਬਾ ਰੱਖਦੀ ਹੈ। ਬਲਕੌਰ ਸਿੰਘ ਸਿੱਧੂ ਖੁਦ ਇਟਲੀ ਪਹੁੰਚ ਕੇ ਸ਼ੋਅ ਦੀਆਂ ਤਿਆਰੀਆਂ ਦਾ ਜਾਇਜ਼ਾ ਲੈ ਚੁੱਕੇ ਹਨ ਅਤੇ ਉਹ ਲਗਾਤਾਰ ਇਸ ਪ੍ਰੋਜੈਕਟ ਦੀ ਨਿਗਰਾਨੀ ਕਰ ਰਹੇ ਹਨ।

ਸਿੱਧੂ ਮੂਸੇਵਾਲਾ ਦੇ ਦੇਹਾਂਤ ਤੋਂ ਬਾਅਦ ਵੀ ਬਲਕੌਰ ਸਿੰਘ ਸਿੱਧੂ ਆਪਣੇ ਪੁੱਤਰ ਦੀ ਵਿਰਾਸਤ ਨੂੰ ਜਿੰਦਾ ਰੱਖਣ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਉਹ ਨਾ ਸਿਰਫ਼ ਸਿੱਧੂ ਦੇ ਅਧੂਰੇ ਗੀਤਾਂ ਨੂੰ ਰਿਲੀਜ਼ ਕਰ ਰਹੇ ਹਨ, ਸਗੋਂ ਹੁਣ ਇਹ ਹੋਲੋਗ੍ਰਾਮ ਸ਼ੋਅ ਵੀ ਉਸੀ ਕੜੀ ਦਾ ਹਿੱਸਾ ਹੈ।

‘ਬਰੋਟਾ’ ਗੀਤ ਤੋਂ ਬਾਅਦ ਹੋਈ ਸੀ ਵੱਡੀ ਚਰਚਾ

ਸਿੱਧੂ ਮੂਸੇਵਾਲਾ ਦੇ ‘ਬਰੋਟਾ’ ਗੀਤ ਦੀ ਰਿਲੀਜ਼ ਦੇ ਸਮੇਂ ਹੀ ਇਹ ਗੱਲ ਚਰਚਾ ਵਿੱਚ ਆਈ ਸੀ ਕਿ ਜਲਦ ਹੀ ਸਿੱਧੂ ਦਾ ਹੋਲੋਗ੍ਰਾਮ ਸ਼ੋਅ ਆ ਸਕਦਾ ਹੈ। ਉਸ ਸਮੇਂ ਬਲਕੌਰ ਸਿੰਘ ਸਿੱਧੂ ਨੇ ਖੁਦ ਇਹ ਜਾਣਕਾਰੀ ਦਿੱਤੀ ਸੀ ਕਿ ਸਿੱਧੂ ਮੂਸੇਵਾਲਾ ਲਈ 2026 ਵਿੱਚ ਵਰਲਡ ਟੂਰ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਵਰਲਡ ਟੂਰ ਦਾ ਨਾਂ ‘ਸਾਈਨ ਟੂ ਗੌਡ’ ਰੱਖਿਆ ਗਿਆ ਹੈ। ਹਾਲਾਂਕਿ ਹੁਣ ਇਸ ਤੋਂ ਪਹਿਲਾਂ ਹੀ ਹੋਲੋਗ੍ਰਾਮ ਸ਼ੋਅ ਦੇ ਆਯੋਜਨ ਦੀ ਤਿਆਰੀਆਂ ਮੁਕੰਮਲ ਹੋ ਰਹੀਆਂ ਹਨ।

ਫੈਨਜ਼ ਦਾ ਮੰਨਣਾ ਹੈ ਕਿ ਇਹ ਸ਼ੋਅ ਸਿੱਧੂ ਮੂਸੇਵਾਲਾ ਦੇ ਸੰਗੀਤਕ ਸਫ਼ਰ ਨੂੰ ਇੱਕ ਨਵਾਂ ਆਯਾਮ ਦੇਵੇਗਾ ਅਤੇ ਉਹਨਾਂ ਲਈ ਆਪਣੇ ਮਨਪਸੰਦ ਗਾਇਕ ਨੂੰ ਇਕ ਵਾਰ ਫਿਰ ਸਟੇਜ ’ਤੇ ਵੇਖਣ ਦਾ ਮੌਕਾ ਹੋਵੇਗਾ।

ਸਿਗਨੇਚਰ ਸਟਾਈਲ ’ਚ ਨਜ਼ਰ ਆਉਂਦਾ ਸਿੱਧੂ

ਸਟੇਜ ਦੇ ਜਾਰੀ ਕੀਤੇ ਗਏ ਫੋਟੋ ਵਿੱਚ ਸਿੱਧੂ ਮੂਸੇਵਾਲਾ ਦੀ ਸਿਗਨੇਚਰ ਸਟਾਈਲ ਨੂੰ ਖਾਸ ਤੌਰ ’ਤੇ ਦਰਸਾਇਆ ਗਿਆ ਹੈ। ਉਨ੍ਹਾਂ ਦੀ ਖੜ੍ਹਨ ਦੀ ਅਦਾਂ, ਕਪੜਿਆਂ ਦੀ ਚੋਣ ਅਤੇ ਸਟੇਜ ਪ੍ਰੇਜ਼ੈਂਸ ਸਭ ਕੁਝ ਉਸੇ ਤਰ੍ਹਾਂ ਤਿਆਰ ਕੀਤਾ ਗਿਆ ਹੈ, ਜਿਵੇਂ ਉਹ ਅਸਲ ਜ਼ਿੰਦਗੀ ਵਿੱਚ ਆਪਣੇ ਲਾਈਵ ਸ਼ੋਅਜ਼ ਦੌਰਾਨ ਦਿਖਾਈ ਦਿੰਦੇ ਸਨ। ਇਹ ਸਾਬਤ ਕਰਦਾ ਹੈ ਕਿ ਹੋਲੋਗ੍ਰਾਮ ਸ਼ੋਅ ਨੂੰ ਬੇਹੱਦ ਬਾਰੀਕੀ ਨਾਲ ਤਿਆਰ ਕੀਤਾ ਜਾ ਰਿਹਾ ਹੈ, ਤਾਂ ਜੋ ਫੈਨਜ਼ ਨੂੰ ਅਸਲ ਸਿੱਧੂ ਦੀ ਮੌਜੂਦਗੀ ਦਾ ਅਹਿਸਾਸ ਹੋ ਸਕੇ।

ਮੌਤ ਤੋਂ ਬਾਅਦ ਵੀ ਸਟੇਜ ’ਤੇ ‘ਲਾਈਵ’ ਪਰਫਾਰਮੈਂਸ

ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਜਵਾਹਰਕੇ ਪਿੰਡ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਘਟਨਾ ਨੇ ਨਾ ਸਿਰਫ਼ ਪੰਜਾਬ, ਸਗੋਂ ਪੂਰੇ ਦੇਸ਼ ਅਤੇ ਵਿਦੇਸ਼ਾਂ ਵਿੱਚ ਬੈਠੇ ਸਿੱਧੂ ਦੇ ਫੈਨਜ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਮਾਮਲੇ ਵਿੱਚ ਗੈਂਗਸਟਰ ਲਾਰੈਂਸ ਗਿਰੋਹ ਦੇ ਗੋਲਡੀ ਬਰਾਰ ’ਤੇ ਦੋਸ਼ ਲੱਗੇ ਸਨ ਅਤੇ ਉਸ ਨੇ ਇਸ ਕਤਲ ਦੀ ਜ਼ਿੰਮੇਵਾਰੀ ਵੀ ਲਈ ਸੀ।

ਸਿੱਧੂ ਦੀ ਮੌਤ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਹੋਲੋਗ੍ਰਾਮ ਸ਼ੋਅ ਹੋਵੇਗਾ। ਇਸ ਸ਼ੋਅ ਵਿੱਚ ਸਿੱਧੂ ਮੂਸੇਵਾਲਾ ਥ੍ਰੀ-ਡੀ ਇਮੇਜ ਦੇ ਜ਼ਰੀਏ ਸਟੇਜ ’ਤੇ ਆਉਣਗੇ ਅਤੇ ਆਪਣੇ ਮਸ਼ਹੂਰ ਗੀਤਾਂ ਨਾਲ ਦਰਸ਼ਕਾਂ ਨੂੰ ਝੂਮਣ ’ਤੇ ਮਜਬੂਰ ਕਰਨਗੇ। ਟੈਕਨਾਲੋਜੀ ਦੇ ਇਸ ਅਦਭੁਤ ਪ੍ਰਯੋਗ ਨਾਲ ਸਿੱਧੂ ਦੀ ਆਵਾਜ਼ ਅਤੇ ਸਟਾਈਲ ਨੂੰ ਨਵੀਂ ਜ਼ਿੰਦਗੀ ਮਿਲੇਗੀ।

ਮੁਹੰਮਦ ਰਫ਼ੀ ਤੋਂ ਬਾਅਦ ਦੂਜੇ ਸਿੰਗਰ ਬਣਨਗੇ ਸਿੱਧੂ

ਹੋਲੋਗ੍ਰਾਮ ਟੈਕਨਾਲੋਜੀ ਨਾਲ ਸਟੇਜ ’ਤੇ ਲਿਆਂਦੇ ਜਾਣ ਵਾਲੇ ਸਿੰਗਰਾਂ ਵਿੱਚ ਸਿੱਧੂ ਮੂਸੇਵਾਲਾ ਦੂਜੇ ਨੰਬਰ ’ਤੇ ਆਉਣਗੇ। ਇਸ ਤੋਂ ਪਹਿਲਾਂ ਬਾਲੀਵੁੱਡ ਦੇ ਮਹਾਨ ਗਾਇਕ ਮੁਹੰਮਦ ਰਫ਼ੀ ਨੂੰ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਹੋਲੋਗ੍ਰਾਮ ਦੇ ਜ਼ਰੀਏ ਸਟੇਜ ’ਤੇ ਪੇਸ਼ ਕੀਤਾ ਗਿਆ ਸੀ। ਉਸ ਸਮੇਂ ਸਿੰਗਰ ਸੋਨੂ ਨਿਗਮ ਨੇ ਮੁਹੰਮਦ ਰਫ਼ੀ ਦੇ ਹੋਲੋਗ੍ਰਾਮ ਨਾਲ ਜੁਗਲਬੰਦੀ ਕਰਕੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ ਸੀ।

ਹੁਣ ਸਿੱਧੂ ਮੂਸੇਵਾਲਾ ਦਾ ਹੋਲੋਗ੍ਰਾਮ ਸ਼ੋਅ ਪੰਜਾਬੀ ਮਿਊਜ਼ਿਕ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਜੋੜੇਗਾ। ਪੰਜਾਬ ਵਿੱਚ ਇਹ ਆਪਣੀ ਕਿਸਮ ਦਾ ਪਹਿਲਾ ਵੱਡਾ ਹੋਲੋਗ੍ਰਾਮ ਸ਼ੋਅ ਹੋਵੇਗਾ, ਜਿਸ ਨਾਲ ਟੈਕਨਾਲੋਜੀ ਅਤੇ ਸੰਗੀਤ ਦਾ ਬੇਮਿਸਾਲ ਮਿਲਾਪ ਵੇਖਣ ਨੂੰ ਮਿਲੇਗਾ।

ਫੈਨਜ਼ ਵਿੱਚ ਭਾਰੀ ਉਤਸ਼ਾਹ

ਸਟੇਜ ਫੋਟੋ ਜਾਰੀ ਹੋਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਸਿੱਧੂ ਮੂਸੇਵਾਲਾ ਦੇ ਫੈਨਜ਼ ਵੱਲੋਂ ਲਗਾਤਾਰ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕੋਈ ਇਸ ਸ਼ੋਅ ਨੂੰ ਸਿੱਧੂ ਲਈ ਸੱਚੀ ਸ਼ਰਧਾਂਜਲੀ ਦੱਸ ਰਿਹਾ ਹੈ, ਤਾਂ ਕੋਈ ਇਸਨੂੰ ਪੰਜਾਬੀ ਸੰਗੀਤ ਲਈ ਇਤਿਹਾਸਕ ਪਲ ਮੰਨ ਰਿਹਾ ਹੈ। ਫੈਨਜ਼ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਸਰੀਰਕ ਤੌਰ ’ਤੇ ਭਾਵੇਂ ਸਾਡੇ ਵਿਚ ਨਹੀਂ, ਪਰ ਆਪਣੀ ਆਵਾਜ਼, ਸੋਚ ਅਤੇ ਸੰਗੀਤ ਰਾਹੀਂ ਉਹ ਹਮੇਸ਼ਾ ਜਿੰਦਾ ਰਹੇਗਾ।

ਸਿੱਧੂ ਮੂਸੇਵਾਲਾ ਦਾ ਹੋਲੋਗ੍ਰਾਮ ਸ਼ੋਅ ਨਾ ਸਿਰਫ਼ ਇੱਕ ਸੰਗੀਤਕ ਸਮਾਗਮ ਹੋਵੇਗਾ, ਸਗੋਂ ਇਹ ਉਸ ਕਲਾਕਾਰ ਲਈ ਇੱਕ ਭਾਵੁਕ ਸ਼ਰਧਾਂਜਲੀ ਵੀ ਹੋਵੇਗੀ, ਜਿਸ ਨੇ ਪੰਜਾਬੀ ਮਿਊਜ਼ਿਕ ਨੂੰ ਦੁਨੀਆ ਦੇ ਨਕਸ਼ੇ ’ਤੇ ਇੱਕ ਨਵੀਂ ਪਹਿਚਾਣ ਦਿਵਾਈ।