“ਸੀਰੀਅਲ ਨੰਬਰ 248 ਦਾ ਧਮਾਕਾ! ਆਮ ਆਦਮੀ ਪਾਰਟੀ ਦੇ ਨੇਤਾ ਦਾ ਪੱਤਰਕਾਰ ਕਾਰਡ — DPRO ਚੁੱਪ ਕਿਉਂ?”
ਜਲੰਧਰ (ਪੰਕਜ ਸੋਨੀ):- ਜਲੰਧਰ ਦੇ DPRO ਦਫ਼ਤਰ ਨਾਲ ਜੁੜਿਆ ਇੱਕ ਨਵਾਂ ਤੇ ਚਰਚਿਤ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਪੱਤਰਕਾਰਤਾ ਪ੍ਰਣਾਲੀ ਤੇ ਸਿਆਸੀ ਦਖਲ ਅੰਦਾਜ਼ੀ ਦੋਵਾਂ ‘ਤੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ।
2024-25 ਦੀ ਯੈਲੋ ਕਾਰਡ ਲਿਸਟ ਵਿੱਚ ਸੀਰੀਅਲ ਨੰਬਰ 248 ‘ਤੇ ਦਰਜ ਨਾਂ ਇੱਕ ਐਸੇ ਵਿਅਕਤੀ ਦਾ ਹੈ ਜੋ ਹੁਣ ਆਮ ਆਦਮੀ ਪਾਰਟੀ ਵਿੱਚ ਵੱਡੇ ਅਹੁਦੇ ‘ਤੇ ਕਾਇਮ ਹੈ, ਪਰ ਇਸ ਤੋਂ ਪਹਿਲਾਂ ਉਸਦੀ ਸਿਆਸੀ ਸਰਗਰਮੀ ਭਾਜਪਾ (BJP) ਨਾਲ ਰਹੀ ਹੈ।

ਹਾਲਾਂਕਿ ਉਹ BJP ਵਿੱਚ ਕਿਸੇ ਅਧਿਕਾਰਕ ਅਹੁਦੇ ‘ਤੇ ਨਹੀਂ ਸੀ, ਪਰ ਪਾਰਟੀ ਪ੍ਰੋਗਰਾਮਾਂ ਵਿੱਚ ਓਹਨਾ ਦੀ ਸਰਗਰਮੀ ਹਾਜ਼ਰੀ ਸਭ ਦੇ ਸਾਹਮਣੇ ਰਹੀ। ਉਸ ਸਮੇਂ DPRO ਦਫ਼ਤਰ ਵੱਲੋਂ ਉਸਦਾ ਪੱਤਰਕਾਰ ਕਾਰਡ ਬਣਾਇਆ ਗਿਆ, ਜੋ ਹੁਣ ਸਵਾਲਾਂ ਦੇ ਘੇਰੇ ‘ਚ ਆ ਗਿਆ ਹੈ।
ਸਰਕਾਰ ਵੱਲੋਂ ਸਪਸ਼ਟ ਨਿਰਦੇਸ਼ ਹਨ ਕਿ ਕੋਈ ਵੀ ਪੱਤਰਕਾਰ ਜੇ ਕਿਸੇ ਸਿਆਸੀ ਪਾਰਟੀ ਨਾਲ ਜੁੜਿਆ ਹੋਵੇ ਜਾਂ ਉਸਦੇ ਪ੍ਰੋਗਰਾਮਾਂ ਵਿੱਚ ਸਰਗਰਮ ਭੂਮਿਕਾ ਨਿਭਾਵੇ, ਤਾਂ ਉਸਦਾ ਯੈਲੋ ਕਾਰਡ ਜਾਰੀ ਨਹੀਂ ਕੀਤਾ ਜਾ ਸਕਦਾ। ਫਿਰ ਵੀ, ਪਹਿਲਾਂ BJP ਨਾਲ ਜੁੜੇ ਹੋਣ ਦੇ ਦੌਰਾਨ ਇਹ ਕਾਰਡ ਬਣ ਗਿਆ — ਅਤੇ ਹੁਣ ਜਦੋਂ ਉਹ AAP ਦੇ ਵੱਡੇ ਚਿਹਰੇ ਵਜੋਂ ਸਾਹਮਣੇ ਆ ਚੁੱਕਾ ਹੈ, ਤਾਂ ਵੀ DPRO ਦਫ਼ਤਰ ਵੱਲੋਂ ਇਸ ਕਾਰਡ ਨੂੰ ਰੱਦ ਕਰਨ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਹ ਗੱਲ ਹੈਰਾਨ ਕਰਨ ਵਾਲੀ ਹੈ ਕਿ ਜਿੱਥੇ ਆਮ ਪੱਤਰਕਾਰਾਂ ਨੂੰ ਪ੍ਰੈਸ ਕਾਰਡ ਬਣਵਾਉਣ ਲਈ ਕਈ ਚੱਕਰ ਕੱਟਣੇ ਪੈਂਦੇ ਹਨ, ਉਥੇ ਹੀ ਸਿਆਸੀ ਪਹੁੰਚ ਵਾਲਿਆਂ ਦੇ ਕਾਰਡ ਸਾਲਾਂ ਤੱਕ ਬਿਨਾਂ ਰੀਵਿਊ ਦੇ ਸੂਚੀ ਵਿੱਚ ਬਣੇ ਰਹਿੰਦੇ ਹਨ।

ਪੱਤਰਕਾਰਾਂ ਦਾ ਕਹਿਣਾ ਹੈ ਕਿ DPRO ਦਫ਼ਤਰ ਵਿੱਚ ਅੰਦਰੂਨੀ ਪੱਧਰ ‘ਤੇ ਦੋਹਰੇ ਮਾਪਦੰਡ ਵਰਤੇ ਜਾ ਰਹੇ ਹਨ — ਇੱਕੋ ਸੰਸਥਾ ਦੇ ਨਾਮ ‘ਤੇ ਦੋ ਕਾਰਡ ਬਣੇ ਹੋਣ ਦੇ ਵੀ ਸਬੂਤ ਸਾਮਣੇ ਆਏ ਹਨ, ਜਦਕਿ ਕੁਝ ਚੁਣੇ ਹੋਏ ਲੋਕਾਂ ਦੇ ਕਾਰਡ ਖ਼ਾਸ ਸੁਵਿਧਾਵਾਂ ਜਾਂ ਟੋਲ ਮਾਫ਼ੀ ਲਈ ਵਰਤੇ ਜਾ ਰਹੇ ਹਨ।
ਹੁਣ ਸਵਾਲ ਇਹ ਹੈ ਕਿ ਕੀ ਇਹ ਕਾਰਡ ਕਿਸੇ ਖ਼ਾਸ ਮਕਸਦ ਨਾਲ ਬਣਾਇਆ ਗਿਆ ਸੀ, ਜਾਂ DPRO ਦਫ਼ਤਰ ਨੇ ਸਿਆਸੀ ਦਬਾਅ ਹੇਠ ਆ ਕੇ ਨਿਯਮਾਂ ਦੀ ਉਲੰਘਣਾ ਕੀਤੀ? ਪੱਤਰਕਾਰ ਵਰਗਾਂ ਵਿੱਚ ਮੰਗ ਉੱਠ ਰਹੀ ਹੈ ਕਿ ਸਰਕਾਰ ਇਸ ਮਾਮਲੇ ਦੀ ਤੁਰੰਤ ਜਾਂਚ ਕਰੇ ਅਤੇ ਸਾਰੇ ਯੈਲੋ ਕਾਰਡਾਂ ਦੀ ਸਮੀਖਿਆ ਕਰਕੇ ਅਸਲ ਪੱਤਰਕਾਰਾਂ ਨੂੰ ਹੀ ਪਛਾਣ ਦਿੱਤੀ ਜਾਵੇ। ਅਤੇ ਆਪਣੇ ਦਫ਼ਤਰੀ ਕੰਮਕਾਜ ਅਣਗਹਿਲੀ ਕਰਨ ਵਾਲੇ ਅਧਿਕਾਰੀਆਂ ਤੇ ਕਾਰਵਾਹੀ ਹੋਣੀ ਚਾਹੀਦੀ ਹੈ

















