ਜ਼ਮੀਨ ਦਾ ਕਬਜ਼ਾ ਦਵਾਉਣ ਗਏ ਸਰਕਾਰੀ ਅਧਿਕਾਰੀਆਂ ‘ਤੇ ਫਾਇਰਿੰਗ

ਗੁਰਦਾਸਪੁਰ ਦੇ ਪਿੰਡ ਕਲੇਰ ਖੁਰਦ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ 7 ਕਨਾਲ 12 ਮਰਲੇ ਜ਼ਮੀਨ ਦਾ ਕਬਜ਼ਾ ਅਦਾਲਤੀ ਹੁਕਮਾਂ ਅਨੁਸਾਰ ਦਵਾਉਣ ਗਏ ਸਰਕਾਰੀ ਅਧਿਕਾਰੀਆਂ ‘ਤੇ ਕਬਜ਼ਾਧਾਰੀ ਧਿਰ ਵੱਲੋਂ ਤਾਬੜਤੋੜ ਫਾਇਰਿੰਗ ਕਰ ਦਿੱਤੀ ਗਈ। ਇਹ ਫਾਇਰਿੰਗ ਰਣਜੀਤ ਸਿੰਘ ਅਤੇ ਉਸਦੇ ਲੜਕੇ ਜਤਿੰਦਰ ਸਿੰਘ ਅਤੇ ਨਰਿੰਦਰ ਸਿੰਘ ਵੱਲੋਂ ਕੀਤੀ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਪਿੰਡ ਕਲੇਰ ਖੁਰਦ ਦੀ 7 ਕਨਾਲ 12 ਮਰਲੇ ਮਾਲਕੀ ਜ਼ਮੀਨ ਨਾਲ ਸਬੰਧਿਤ ਹੈ, ਜਿਸ ‘ਤੇ ਕਈ ਸਾਲਾਂ ਤੋਂ ਰਣਜੀਤ ਸਿੰਘ ਵੱਲੋਂ ਕਬਜ਼ਾ ਕੀਤਾ ਹੋਇਆ ਸੀ। ਇਸ ਸਬੰਧੀ ਮਾਮਲਾ ਮਾਨਯੋਗ ਅਦਾਲਤ ਵਿੱਚ ਚੱਲ ਰਿਹਾ ਸੀ ਅਤੇ ਸੈਸ਼ਨ ਕੋਰਟ ਵੱਲੋਂ ਇਹ ਜ਼ਮੀਨ ਕਰਨੈਲ ਸਿੰਘ ਪੁੱਤਰ ਬੁੱਧ ਸਿੰਘ ਦੇ ਹੱਕ ਵਿੱਚ ਕਰ ਦਿੱਤੀ ਗਈ ਸੀ।

ਅਦਾਲਤ ਦੇ ਹੁਕਮਾਂ ਤਹਿਤ ਨਾਇਬ ਤਹਿਸੀਲਦਾਰ, ਕਾਨਗੂ ਅਤੇ ਪਟਵਾਰੀ ਪੁਲਿਸ ਸੁਰੱਖਿਆ ਨਾਲ ਮੌਕੇ ‘ਤੇ ਕਬਜ਼ਾ ਦਵਾਉਣ ਗਏ ਸਨ। ਸੁਰੱਖਿਆ ਲਈ ਚਾਰ ਪੁਲਿਸ ਮੁਲਾਜ਼ਮ ਵੀ ਸਰਕਾਰੀ ਅਧਿਕਾਰੀਆਂ ਦੇ ਨਾਲ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੀ ਮੌਜੂਦਗੀ ਦੇ ਬਾਵਜੂਦ ਵੀ ਕਬਜ਼ਾਧਾਰੀ ਧਿਰ ਵੱਲੋਂ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ।

ਇਲਾਕੇ ਦੇ ਪਟਵਾਰੀ ਸਤਬੀਰ ਸਿੰਘ ਅਤੇ ਕਾਨਗੂ ਲਖਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਵੱਲੋਂ ਦੂਜੀ ਧਿਰ ਕੋਲੋਂ ਜ਼ਮੀਨ ਸਬੰਧੀ ਕਿਸੇ ਅਦਾਲਤੀ ਸਟੇ ਜਾਂ ਦਸਤਾਵੇਜ਼ ਬਾਰੇ ਪੁੱਛਿਆ ਗਿਆ ਤਾਂ ਬਿਨਾਂ ਕੋਈ ਜਵਾਬ ਦਿੱਤੇ ਹੀ ਉਨ੍ਹਾਂ ‘ਤੇ ਗੋਲੀਆਂ ਚਲਾਈਆਂ ਗਈਆਂ। ਫਾਇਰਿੰਗ ਦੌਰਾਨ ਸਰਕਾਰੀ ਅਧਿਕਾਰੀਆਂ ਨੇ ਇੱਕ ਟਰੱਕ ਦੇ ਪਿੱਛੇ ਲੁਕ ਕੇ ਆਪਣੀ ਜਾਨ ਬਚਾਈ।

ਉੱਥੇ ਹੀ ਮੌਕੇ ‘ਤੇ ਪਹੁੰਚੇ ਚੌਂਕੀ ਨਸ਼ਹਿਰਾ ਮੱਜਾ ਸਿੰਘ ਦੇ ਚੌਂਕੀ ਇੰਚਾਰਜ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜਿੰਨ੍ਹਾਂ ਸਰਕਾਰੀ ਅਧਿਕਾਰੀਆਂ ‘ਤੇ ਫਾਇਰਿੰਗ ਹੋਈ ਹੈ, ਉਨ੍ਹਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਅਗਲੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਫਿਲਹਾਲ ਘਟਨਾ ਤੋਂ ਬਾਅਦ ਇਲਾਕੇ ‘ਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਪੁਲਿਸ ਵੱਲੋਂ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ।