ਨਸ਼ਾ ਤਸਕਰ ਹੋ ਜਾਵਣ ਸਾਵਧਾਨ, ਕਪੂਰਥਲਾ ਪੁਲਿਸ ਨੇ ਕੱਸਿਆ ਸ਼ਿਕੰਜਾ, 9 ਵਾਹਨ ਜ਼ਬਤ, 5 ਕੇਸ ਦਰਜ

ਕਪੂਰਥਲਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਆ ਰਹੀ ਹੈ, ਪੁਲਿਸ ਨੇ ਅੱਜ ਕਾਸੋ ਆਪ੍ਰੇਸ਼ਨ ਚਲਾਇਆ ਅਤੇ NDPS ਐਕਟ ਹੇਠ ਕਈ ਮਾਮਲੇ ਦਰਜ ਕੀਤੇ ਗਏ ਹਨ। ਜਾਣਕਾਰੀ ਮੁਤਾਬਕ, SSP ਕਪੂਰਥਲਾ ਗੌਰਵ ਤੂਰਾਂ ਦੀ ਅਗਵਾਈ ਵਿੱਚ ਜ਼ਿਲ੍ਹੇ ਦੀਆਂ ਚਾਰੋ ਸਬ-ਡਿਵੀਜ਼ਨਾਂ ਦੇ ਨਸ਼ਾ ਹਾਟਸਪਾਟ ਖੇਤਰਾਂ ਵਿੱਚ ਵੱਡੇ ਪੱਧਰ ‘ਤੇ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। SSP ਗੌਰਵ ਤੂਰਾਂ ਨੇ ਦੱਸਿਆ ਕਿ ਇਹ ਸਾਰੇ ਸੇਰਚ ਆਪ੍ਰੇਸ਼ਨ ਸ਼ਾਮ ਤੱਕ ਜਾਰੀ ਰਹਿਣਗੇ।
ਉਹਨਾਂ ਨਸ਼ਾ ਤਸਕਰਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ “ਤਸਕਰ ਜਾਂ ਤਾਂ ਨਸ਼ਾ ਵੇਚਣਾ ਬੰਦ ਕਰ ਦੇਣ, ਨਹੀਂ ਤਾਂ ਜ਼ਿਲ੍ਹਾ ਛੱਡ ਦੇਣ। ਕੋਈ ਰਿਆਇਤ ਨਹੀਂ ਦਿੱਤੀ ਜਾਏਗੀ।”

ਆਪ੍ਰੇਸ਼ਨ ਅੰਦਰ ਪੁਲਿਸ ਵੱਲੋਂ ਮੋਹੱਲਾ ਮਹਿਤਾਬਗੜ੍ਹ, ਸੁਲਤਾਨਪੁਰ ਲੋਧੀ ਦੇ ਪਿੰਡ ਲਟਿਆਵਾਲ, ਭੁਲੱਥ ਦੇ ਪਿੰਡ ਡੋਗਰਾਂਵਾਲ ਅਤੇ ਬੂਟ, ਅਤੇ ਫਗਵਾੜਾ ਦੇ ਪਿੰਡ ਚਹੇੜੂ ਵਿੱਚ ਘਰ-ਘਰ ਅਤੇ ਸ਼ੱਕੀ ਥਾਵਾਂ ‘ਤੇ ਤਲਾਸ਼ ਮੁਹਿੰਮ ਚਲਾਈ ਗਈ।
ਇਸ ਦੌਰਾਨ ਪੁਲਿਸ ਨੇ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਕੀਤੀ ਅਤੇ ਕਈ ਥਾਵਾਂ ‘ਤੇ ਗਹੁੰਨ ਤਫ਼ਤੀਸ਼ ਕੀਤੀ। SSP ਗੌਰਵ ਤੂਰਾਂ ਨੇ ਦੱਸਿਆ ਕਿ ਸਰਚ ਦੌਰਾਨ ਨਸ਼ੇ ਦੇ ਇੰਜੈਕਸ਼ਨ, ਨਸ਼ੀਲੀਆਂ ਗੋਲੀਆਂ, ਅਤੇ ਹੋਰ ਮਾਦੇ ਬਰਾਮਦ ਕੀਤੇ ਗਏ ਹਨ।
ਇਸ ਤੋਂ ਇਲਾਵਾ NDPS ਐਕਟ ਹੇਠ 5 ਕੇਸ ਦਰਜ, 100 ਗ੍ਰਾਮ ਹੈਰੋਇਨ ਬਰਾਮਦ, 9 ਵਾਹਨ ਜ਼ਬਤ, ਨਸ਼ਾ ਕਰਨ ਵਾਲੇ ਲੋਕਾਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿੱਚ ਭੇਜਿਆ ਜਾ ਰਿਹਾ ਹੈ।