ਪੰਜਾਬ ਵਿਚ ਕੋਰਟਾਂ ਨੂੰ ਬਮ ਨਾਲ ਉਡਾਉਣ ਦੀ ਧਮਕੀ, ਕੋਰਟ ਕਾਂਪਲੈਕਸ ਖਾਲੀ ਕਰਵਾਏ ਗਏ ਖਾਲੀ ,
ਪੰਜਾਬ ਵਿੱਚ ਅਦਾਲਤਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੀ ਚਿੰਤਾ ਸਾਹਮਣੇ ਆਈ ਹੈ। ਮੋਗਾ ਕੋਰਟ ਨੂੰ ਆਰਡੀਐਕਸ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਕੋਰਟ ਕਾਂਪਲੈਕਸ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। ਸੁਰੱਖਿਆ ਏਜੰਸੀਆਂ ਵੱਲੋਂ ਪੂਰੇ ਇਲਾਕੇ ਵਿੱਚ ਸਘਣੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਡੋਗ ਸਕੁਆਡ ਵੀ ਮੌਕੇ ’ਤੇ ਪਹੁੰਚ ਕੇ ਜਾਂਚ ਵਿੱਚ ਲੱਗਾ ਹੋਇਆ ਹੈ।
ਇਸਦੇ ਨਾਲ ਹੀ ਰੂਪਨਗਰ (ਰੋਪੜ) ਅਤੇ ਫਿਰੋਜ਼ਪੁਰ ਦੇ ਕੋਰਟ ਕਾਂਪਲੈਕਸ ਨੂੰ ਵੀ ਬਮ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਜਾਣਕਾਰੀ ਮੁਤਾਬਕ ਸੈਸ਼ਨ ਕੋਰਟ ਦੀ ਅਧਿਕਾਰਿਕ ਈ-ਮੇਲ ਆਈਡੀ ’ਤੇ ਧਮਕੀ ਭਰਿਆ ਈ-ਮੇਲ ਪ੍ਰਾਪਤ ਹੋਇਆ, ਜਿਸ ਤੋਂ ਬਾਅਦ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ। ਸੁਰੱਖਿਆ ਏਜੰਸੀਆਂ ਨੂੰ ਅਲਰਟ ਕਰਦੇ ਹੋਏ ਪੂਰਾ ਕੋਰਟ ਕਾਂਪਲੈਕਸ ਤੁਰੰਤ ਖਾਲੀ ਕਰਵਾ ਦਿੱਤਾ ਗਿਆ।
ਉੱਥੇ ਹੀ ਸ੍ਰੀ ਆਨੰਦਪੁਰ ਸਾਹਿਬ ਦੀ ਅਦਾਲਤ ਨੂੰ ਵੀ ਬਮ ਨਾਲ ਉਡਾਉਣ ਦੀ ਧਮਕੀ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਸਾਵਧਾਨੀ ਵਜੋਂ ਇੱਥੇ ਵੀ ਕੋਰਟ ਪਰਿਸਰ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਦਿੱਤਾ ਗਿਆ ਅਤੇ ਪੁਲਿਸ ਵੱਲੋਂ ਵਿਆਪਕ ਤਲਾਸ਼ੀ ਅਭਿਆਨ ਜਾਰੀ ਹੈ।
ਸਵੇਰੇ ਦੇ ਸਮੇਂ ਤਿੰਨਾਂ ਹੀ ਥਾਵਾਂ ’ਤੇ ਮੌਜੂਦ ਵਕੀਲਾਂ, ਕੋਰਟ ਕਰਮਚਾਰੀਆਂ ਅਤੇ ਪੇਸ਼ਕਾਰਾਂ ਨੂੰ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢ ਲਿਆ ਗਿਆ। ਸੂਚਨਾ ਮਿਲਦੇ ਹੀ ਪੰਜਾਬ ਪੁਲਿਸ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਇਸ ਮਾਮਲੇ ਸਬੰਧੀ DSP ਰਾਜ ਪਾਲ ਨੇ ਦੱਸਿਆ ਕਿ,
“ਸਾਨੂੰ ਕੋਰਟ ਦਫ਼ਤਰ ਵੱਲੋਂ ਸੂਚਨਾ ਮਿਲੀ ਸੀ ਕਿ ਕੋਰਟ ਦੀ ਈ-ਮੇਲ ਆਈਡੀ ’ਤੇ ਧਮਕੀ ਭਰਿਆ ਮੇਲ ਆਇਆ ਹੈ। ਇਸ ਤੋਂ ਬਾਅਦ ਤੁਰੰਤ ਸਾਰੇ ਸਬ-ਡਿਵੀਜ਼ਨਾਂ ਦੀ ਪੁਲਿਸ ਫੋਰਸ ਨੂੰ ਮੌਕੇ ’ਤੇ ਬੁਲਾਇਆ ਗਿਆ। ਐਸਪੀ ਸਾਹਿਬ ਦੇ ਨਾਲ ਐਂਟੀ-ਸਾਬੋਟਾਜ ਟੀਮ ਵੀ ਮੌਜੂਦ ਹੈ। ਮੈਨੁਅਲ ਅਤੇ ਤਕਨੀਕੀ ਢੰਗ ਨਾਲ ਕੋਰਟ ਦੇ ਅੰਦਰ ਅਤੇ ਬਾਹਰ ਪੂਰੀ ਤਲਾਸ਼ੀ ਲਈ ਜਾ ਰਹੀ ਹੈ। ਧਮਕੀ ਮੇਲ ਵਿੱਚ ਲਿਖੀ ਗਈ ਜਾਣਕਾਰੀ ਦੇ ਆਧਾਰ ’ਤੇ ਹਰ ਐੰਗਲ ਤੋਂ ਜਾਂਚ ਕੀਤੀ ਜਾ ਰਹੀ ਹੈ।”
ਫਿਲਹਾਲ ਮੋਗਾ, ਰੂਪਨਗਰ (ਰੋਪੜ) ਅਤੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਐਂਟੀ-ਸਾਬੋਟਾਜ ਅਤੇ ਬਮ ਨਿਰੋਧਕ ਦਸਤਿਆਂ ਵੱਲੋਂ ਸਘਣੀ ਤਲਾਸ਼ੀ ਜਾਰੀ ਹੈ। ਹੁਣ ਤੱਕ ਕਿਸੇ ਵੀ ਸ਼ੱਕੀ ਵਸਤੂ ਦੇ ਮਿਲਣ ਦੀ ਪੁਸ਼ਟੀ ਨਹੀਂ ਹੋਈ। ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ ਅਤੇ ਸਥਿਤੀ ’ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ।

















