ਧੁੰਦ ਕਾਰਨ ਜਲੰਧਰ–ਲੁਧਿਆਣਾ ਹਾਈਵੇ ‘ਤੇ ਵੱਡਾ ਸੜਕ ਹਾਦਸਾ

ਧੁੰਦ ਕਾਰਨ ਸੋਮਵਾਰ ਸਵੇਰੇ ਜਲੰਧਰ–ਲੁਧਿਆਣਾ ਹਾਈਵੇ ‘ਤੇ ਇੱਕ ਵੱਡਾ ਸੜਕ ਹਾਦਸਾ ਵਾਪਰ ਗਿਆ। ਇਹ ਹਾਦਸਾ ਸਵੇਰੇ ਕਰੀਬ ਸੱਤ ਵਜੇ ਪੀਏਪੀ ਚੌਕ ਤੋਂ ਪਿੱਛੇ ਇੰਡੀਆਨ ਆਇਲ ਡਿਪੋ ਨੇੜੇ ਵਾਪਰਿਆ, ਜਿੱਥੇ ਫਲਾਈਓਵਰ ‘ਤੇ ਚੜ੍ਹਦੇ ਸਮੇਂ ਇੱਕ ਟਰੱਕ ਦੀ ਚਪੇਟ ਵਿੱਚ ਦੋ ਬੱਸਾਂ ਆ ਗਈਆਂ।

ਮਿਲੀ ਜਾਣਕਾਰੀ ਅਨੁਸਾਰ ਇੰਡੀਆਨ ਆਇਲ ਡਿਪੋ ਤੋਂ ਸਮਾਨ ਲੋਡ ਕਰਕੇ ਟਰੱਕ ਡਰਾਈਵਰ ਫਲਾਈਓਵਰ ਵੱਲ ਚੜ੍ਹ ਰਿਹਾ ਸੀ। ਇਸ ਦੌਰਾਨ ਸੰਘਣੀ ਧੁੰਦ ਹੋਣ ਕਾਰਨ ਪਿੱਛੋਂ ਆ ਰਹੀ ਪੰਜਾਬ ਰੋਡਵੇਜ਼ ਜਲੰਧਰ ਡਿਪੋ-1 ਦੀ ਬੱਸ ਦੇ ਡਰਾਈਵਰ ਨੂੰ ਟਰੱਕ ਦਾ ਠੀਕ ਅੰਦਾਜ਼ਾ ਨਾ ਹੋ ਸਕਿਆ ਅਤੇ ਬੱਸ ਟਰੱਕ ਨਾਲ ਟਕਰਾ ਗਈ। ਇਸ ਤੋਂ ਤੁਰੰਤ ਬਾਅਦ ਪਿੱਛੋਂ ਆ ਰਹੀ ਨਰਵਾਲ ਟਰਾਂਸਪੋਰਟ ਦੀ ਇੱਕ ਹੋਰ ਬੱਸ ਵੀ ਰੋਡਵੇਜ਼ ਬੱਸ ਨਾਲ ਜਾ ਟਕਰਾਈ।

ਹਾਦਸੇ ਤੋਂ ਬਾਅਦ ਦੋਵੇਂ ਬੱਸਾਂ ਅਤੇ ਟਰੱਕ ਸੜਕ ਦੇ ਵਿਚਕਾਰ ਖ਼ਰਾਬ ਹਾਲਤ ਵਿੱਚ ਖੜ੍ਹੇ ਰਹੇ, ਜਿਸ ਕਾਰਨ ਕਾਫ਼ੀ ਸਮੇਂ ਲਈ ਆਵਾਜਾਈ ਪ੍ਰਭਾਵਿਤ ਰਹੀ। ਖੁਸ਼ਕਿਸਮਤੀ ਨਾਲ ਹਾਦਸੇ ਵੇਲੇ ਬੱਸਾਂ ਵਿੱਚ ਜ਼ਿਆਦਾ ਸਵਾਰੀਆਂ ਨਹੀਂ ਸਨ, ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।

ਇਸ ਹਾਦਸੇ ਵਿੱਚ ਪੰਜਾਬ ਰੋਡਵੇਜ਼ ਦੇ ਦੋ ਅਧਿਕਾਰੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਟ੍ਰੈਫਿਕ ਨੂੰ ਸੁਚਾਰੂ ਕਰਵਾਇਆ ਗਿਆ ਅਤੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।