ਘਰ ਦੇ ਬਾਹਰ ਗੱਡੀ ਲਾਣ ਤੋਂ ਭਖਿਆ ਵਿਵਾਦ, ਜੰਮ ਕੇ ਚਲੇ ਇੱਟਾਂ ਰੋੜੇ

ਦੀਨਾ ਨਗਰ ਪੁਲਿਸ ਸਟੇਸ਼ਨ ਦੇ ਅਧੀਨ ਆਉਂਦੇ ਨਜ਼ਦੀਕੀ ਪਿੰਡ ਕਰਾਲ ਵਿੱਚ ਘਰ ਦੇ ਬਾਹਰ ਗੱਡੀ ਖੜੀ ਕਰਨ ਨੂੰ ਲੈ ਕੇ ਸ਼ੁਰੂ ਹੋਇਆ ਛੋਟਾ ਜਿਹਾ ਵਿਵਾਦ ਉਸ ਸਮੇਂ ਗੰਭੀਰ ਰੂਪ ਧਾਰ ਗਿਆ, ਜਦੋਂ ਦੋ ਧਿਰਾਂ ਵਿਚਕਾਰ ਭਾਰੀ ਪੱਥਰਬਾਜ਼ੀ ਹੋ ਗਈ। ਹਾਲਾਤ ਇੱਥੋਂ ਤੱਕ ਬਿਗੜ ਗਏ ਕਿ ਸਿਰਫ਼ ਵਿਵਾਦਤ ਧਿਰਾਂ ਹੀ ਨਹੀਂ, ਸਗੋਂ ਚਾਰ ਗੁਆਂਢੀਆਂ ਦੇ ਘਰ ਵੀ ਇੱਟਾਂ–ਰੋੜਿਆਂ ਦੀ ਬਰਸਾਤ ਦਾ ਸ਼ਿਕਾਰ ਹੋ ਗਏ।

ਇੱਕ ਧਿਰ ਦੀ ਔਰਤ ਕੰਸੋ ਨੇ ਦੱਸਿਆ ਕਿ ਉਨ੍ਹਾਂ ਦੀ ਗੁਆਂਡ ਵਿੱਚ ਰਹਿਣ ਵਾਲੀ ਨੀਤੂ ਦਾ ਪਰਿਵਾਰ ਅਕਸਰ ਉਨ੍ਹਾਂ ਦੇ ਘਰ ਦੇ ਬਾਹਰ ਗੱਡੀ ਖੜੀ ਕਰ ਦਿੰਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਆਉਣ–ਜਾਣ ਵਿੱਚ ਦਿੱਕਤ ਆਉਂਦੀ ਹੈ। ਬੀਤੇ ਦਿਨ ਵੀ ਗੱਡੀ ਨਾ ਹਟਾਉਣ ਕਾਰਨ ਉਨ੍ਹਾਂ ਦੇ ਬੱਚੇ ਸਕੂਲ ਲੇਟ ਹੋ ਗਏ ਅਤੇ ਠੰਢ ਵਿੱਚ ਮੋਟਰਸਾਈਕਲ ’ਤੇ ਸਕੂਲ ਛੱਡਣਾ ਪਿਆ। ਕੰਸੋ ਦਾ ਦੋਸ਼ ਹੈ ਕਿ ਕੁਝ ਸਮੇਂ ਬਾਅਦ, ਜਦੋਂ ਘਰ ਵਿੱਚ ਸਿਰਫ਼ ਔਰਤਾਂ ਮੌਜੂਦ ਸਨ, ਤਾਂ ਕਰੀਬ 50 ਤੋਂ 60 ਅਣਪਛਾਤੇ ਵਿਅਕਤੀਆਂ ਨੇ, ਜਿਨ੍ਹਾਂ ਵਿੱਚ ਗੁਆਂਡੀ ਵੀ ਸ਼ਾਮਲ ਸਨ, ਘਰ ’ਤੇ ਹਮਲਾ ਕਰ ਦਿੱਤਾ ਅਤੇ ਜ਼ੋਰਦਾਰ ਪੱਥਰਬਾਜ਼ੀ ਕੀਤੀ, ਜਿਸ ਨਾਲ ਕਾਫ਼ੀ ਨੁਕਸਾਨ ਹੋਇਆ।

ਦੂਜੇ ਪਾਸੇ ਨੀਤੂ ਨੇ ਦੋਸ਼ ਲਗਾਇਆ ਕਿ ਕੰਸੋ ਦਾ ਪਰਿਵਾਰ ਉਨ੍ਹਾਂ ਨੂੰ ਆਪਣੇ ਘਰ ਦੇ ਅੱਗੇ ਗੱਡੀ ਲਗਾਉਣ ਤੋਂ ਰੋਕਦਾ ਹੈ। ਉਸਦੇ ਮੁਤਾਬਕ, ਬੀਤੇ ਦਿਨ ਕੰਸੋ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੇ ਘਰ ਆ ਕੇ ਹਮਲਾ ਕੀਤਾ ਅਤੇ ਇੱਟਾਂ–ਰੋੜੇ ਚਲਾਏ, ਜਿਸ ਦੌਰਾਨ ਉਨ੍ਹਾਂ ਦੇ ਪਰਿਵਾਰ ਦੇ ਦੋ ਮੈਂਬਰ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਹੋ ਗਏ ਅਤੇ ਹਸਪਤਾਲ ਵਿੱਚ ਦਾਖ਼ਲ ਹਨ।

ਇਸ ਘਟਨਾ ਨਾਲ ਤੀਜੀ ਧਿਰ ਵੀ ਪ੍ਰਭਾਵਿਤ ਹੋਈ। ਗੁਆਂਡਨ ਬਿਮਲਾ ਨੇ ਦੱਸਿਆ ਕਿ ਪੱਥਰਬਾਜ਼ੀ ਦੌਰਾਨ ਉਸਦੇ ਘਰ ਦੇ ਸ਼ੀਸ਼ੇ ਟੁੱਟ ਗਏ ਅਤੇ ਕਾਫ਼ੀ ਨੁਕਸਾਨ ਹੋਇਆ। ਉਸਦਾ ਕਹਿਣਾ ਹੈ ਕਿ ਘਟਨਾ ਵਿੱਚ 50 ਤੋਂ 60 ਅਣਪਛਾਤੇ ਵਿਅਕਤੀ ਸ਼ਾਮਲ ਸਨ, ਜਿਨ੍ਹਾਂ ਵਿੱਚ ਇੱਕ ਗੁਆਂਡੀ ਵੀ ਸੀ।

ਮਾਮਲਾ ਪੁਲਿਸ ਤੱਕ ਪਹੁੰਚ ਚੁੱਕਾ ਹੈ, ਪਰ ਫਿਲਹਾਲ ਪੁਲਿਸ ਵੱਲੋਂ ਕੋਈ ਸਰਕਾਰੀ ਬਿਆਨ ਸਾਹਮਣੇ ਨਹੀਂ ਆਇਆ। ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕਾਂ ਵੱਲੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।