ਜਲੰਧਰ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ, ਲੰਬਾ ਪਿੰਡ ਚੌਕ ਫਲਾਈਓਵਰ (Lamba Pind Chowk Flyover) ‘ਤੇ ਇੱਕ ਨਿੱਜੀ ਸਕੂਲ ਬੱਸ ਦੀ ਓਵਰਟੇਕਿੰਗ ਕਾਰਨ ਪੇਂਟ ਨਾਲ ਭਰਿਆ ਟਰੱਕ (ਕੈਂਟਰ) ਅਚਾਨਕ ਪਲਟ ਗਿਆ। ਉਸੇ ਸਮੇਂ ਪਿੱਛੇ ਆ ਰਹੀ ਪੰਜਾਬ ਰੋਡਵੇਜ਼ ਬੱਸ, ਜੋ ਯਾਤਰੀਆਂ ਨਾਲ ਭਰੀ ਹੋਈ ਸੀ, ਉਹ ਵੀ ਟਰੱਕ ਨਾਲ ਟੱਕਰ ਖਾ ਗਈ। ਹਾਦਸੇ ਕਾਰਨ ਲੰਬਾ ਜਾਮ ਲੱਗ ਗਿਆ। ਹਾਲਾਂਕਿ ਪੁਲਿਸ ਨੂੰ ਸੂਚਨਾ ਮਿਲਣ ‘ਤੇ ਤੁਰੰਤ ਕਾਰਵਾਈ ਕਰਕੇ ਟਰੱਕ ਨੂੰ ਸਾਈਡ ਕਰਵਾਇਆ ਅਤੇ ਜਾਮ ਖੋਲ੍ਹਿਆ।

ਪ੍ਰਤੱਖਦਰਸ਼ੀਆਂ ਦੇ ਮੁਤਾਬਕ, ਇੱਕ ਨਿੱਜੀ ਸਕੂਲ ਬੱਸ ਡਰਾਈਵਰ ਨੇ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਟਰੱਕ ਦਾ ਇੱਕ ਪਾਸਾ ਲੱਗਿਆ ਅਤੇ ਉਹ ਡਿਵਾਈਡਰ ਨਾਲ ਟਕਰਾਇਆ। ਪਿੱਛੇ ਆ ਰਹੀ ਰੋਡਵੇਜ਼ ਬੱਸ ਦਾ ਵੀ ਇੱਕ ਹਿੱਸਾ ਟਰੱਕ ਨਾਲ ਲੱਗ ਗਿਆ, ਜਿਸ ਨਾਲ ਟਰੱਕ ਸੜਕ ‘ਤੇ ਡਿੱਗ ਗਿਆ। ਹਾਦਸੇ ਤੋਂ ਬਾਅਦ ਸਕੂਲ ਬੱਸ ਡਰਾਈਵਰ ਬੱਸ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਹਾਲਾਂਕਿ ਪੰਜਾਬ ਰੋਡਵੇਜ਼ ਬੱਸ ਵਿੱਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ ਅਤੇ ਟਰੱਕ ਡਰਾਈਵਰ ਵੀ ਸਹੀ ਸਲਾਮਤ ਹੈ।
ਘਟਨਾ ਦੀ ਜਾਣਕਾਰੀ ਮਿਲਣ ‘ਤੇ ਸਥਾਨਕ ਲੋਕਾਂ ਨੇ ਪੁਲਿਸ ਹੇਲਪਲਾਈਨ ਅਤੇ ਟ੍ਰੈਫਿਕ ਕੰਟਰੋਲ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ‘ਤੇ ਟ੍ਰੈਫਿਕ ਪੁਲਿਸ ਦੇ ਸਬ-ਇੰਸਪੈਕਟਰ ਮਨਜੀਤ ਸਿੰਘ ਅਤੇ PCR ਟੀਮ ਮੌਕੇ ‘ਤੇ ਪਹੁੰਚੇ ਅਤੇ ਹਾਈਵੇ ‘ਤੇ ਫਸੇ ਹੋਏ ਵਾਹਨਾਂ ਨੂੰ ਹਟਾ ਕੇ ਸੜਕ ਸਾਫ਼ ਕੀਤੀ।
ਲਗਭਗ ਅੱਧੇ ਘੰਟੇ ਤੱਕ ਲੁਧਿਆਣਾ-ਅੰਮ੍ਰਿਤਸਰ ਹਾਈਵੇ ‘ਤੇ ਲੰਬਾ ਜਾਮ ਲੱਗਿਆ। ਪੁਲਿਸ ਨੇ ਸਕੂਲ ਬੱਸ ਡਰਾਈਵਰ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਅਤੇ CCTV ਫੁਟੇਜ ਦੀ ਸਹਾਇਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

















