ਇੱਕੋ ਰਾਤ ‘ਚ ਤਿੰਨ ਦੁਕਾਨਾਂ ‘ਤੇ ਚੋਰੀ, ਚੁਕਿਆ ਸਮਾਨ ਤੇ ਨਾਲ ਹੀ ਲੈ ਗਏ CCTV ਕੈਮਰੇ

0
86

ਜਲੰਧਰ ਵੈਸਟ ਹਲਕੇ ’ਚ ਚੋਰਾਂ ਦਾ ਆਤੰਕ ਲਗਾਤਾਰ ਵੱਧ ਰਿਹਾ ਹੈ। ਹਾਲਾਤ ਇਹਨੇ ਵਿਗੜ ਗਏ ਹਨ ਕਿ ਹੁਣ ਚੋਰ ਇੱਕੋ ਰਾਤ ਵਿੱਚ ਕਈ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਫਰਾਰ ਹੋ ਜਾਂਦੇ ਹਨ। ਪੁਲਿਸ ਮੌਕੇ ’ਤੇ ਪਹੁੰਚ ਕੇ ਕਾਰਵਾਈ ਦਾ ਭਰੋਸਾ ਤਾਂ ਦਿੰਦੀ ਹੈ, ਪਰ ਪੀੜਤ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ। ਲਗਾਤਾਰ ਹੋ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਕਾਰਨ ਵਪਾਰੀ ਵਰਗ ਵਿੱਚ ਭਾਰੀ ਰੋਸ਼ ਤੇ ਡਰ ਦਾ ਮਾਹੌਲ ਹੈ।

ਤਾਜ਼ਾ ਮਾਮਲਾ ਘਾਹ ਮੰਡੀ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਨੇ ਦੇਰ ਰਾਤ ਤਿੰਨ ਦੁਕਾਨਾਂ ਦੇ ਤਾਲੇ ਤੋੜ ਕੇ ਨਗਦੀ ਤੇ ਸਮਾਨ ਚੁੱਕ ਲਿਆ। ਪੀੜਤ ਦੁਕਾਨਦਾਰ ਨਰਿੰਦਰ ਨੇ ਦੱਸਿਆ ਕਿ ਉਹ ਦੇਰ ਰਾਤ 11 ਵਜੇ ਦੁਕਾਨ ਬੰਦ ਕਰਕੇ ਘਰ ਗਏ ਸਨ। ਸਵੇਰੇ ਕਰੀਬ 6 ਵਜੇ ਉਨ੍ਹਾਂ ਨੂੰ ਫ਼ੋਨ ਆਇਆ ਕਿ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ। ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਵੇਖਿਆ ਕਿ ਤਿਜੋਰੀ ਵਿੱਚੋਂ ਕਰੀਬ 15 ਹਜ਼ਾਰ ਰੁਪਏ ਨਗਦੀ, ਮੋਬਾਈਲ ਅਤੇ ਹੋਰ ਕੀਮਤੀ ਸਮਾਨ ਗਾਇਬ ਸੀ। ਨਾਲ ਹੀ, ਚੋਰ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵੀ ਤੋੜਕੇ ਨਾਲ ਲੈ ਗਏ।

ਨਰਿੰਦਰ ਨੇ ਦੱਸਿਆ ਕਿ ਉਸ ਦੀ ਦੁਕਾਨ ’ਤੇ ਪਹਿਲਾਂ ਵੀ ਚੋਰੀ ਹੋ ਚੁੱਕੀ ਹੈ ਅਤੇ ਹੁਣ ਦੂਜੀ ਵਾਰ ਹੋਈ ਇਸ ਵਾਰਦਾਤ ਨੇ ਉਨ੍ਹਾਂ ਨੂੰ ਬਹੁਤ ਪਰੇਸ਼ਾਨ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਪੁਲਿਸ ਨੂੰ ਸੂਚਨਾ ਦੇਣ ਤੋਂ ਬਾਅਦ ਵੀ ਇੱਕ ਘੰਟੇ ਤੋਂ ਵੱਧ ਸਮਾਂ ਤੱਕ ਪੁਲਿਸ ਮੌਕੇ ’ਤੇ ਨਹੀਂ ਪਹੁੰਚੀ। ਉਸ ਨੇ ਦੋਸ਼ ਲਾਇਆ ਕਿ ਇਲਾਕੇ ’ਚ ਪੁਲਿਸ ਦੀ ਨਾਕਾਬੰਦੀ ਸਿਰਫ਼ ਚਲਾਨ ਕੱਟਣ ਤੱਕ ਹੀ ਸੀਮਿਤ ਹੈ, ਪਰ ਚੋਰਾਂ ’ਤੇ ਕੋਈ ਸਖ਼ਤ ਕਾਰਵਾਈ ਨਹੀਂ ਹੁੰਦੀ।