ਆਨਲਾਈਨ ਸੱਟੇਬਾਜ਼ੀ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਇਸ ਮਾਮਲੇ ਵਿਚ ਕ੍ਰਿਕਟਰਾਂ ਤੇ ਫਿਲਮੀ ਅਦਾਕਾਰਾਂ ਤੋਂ ਲਗਾਤਾਰ ਪੁੱਛਗਿਛ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਤੋਂ ਕਰੀਬ 7 ਘੰਟਿਆਂ ਤੱਕ ਸਵਾਲ-ਜਵਾਬ ਹੋਏ ਸਨ।
ਅੱਜ ਮਸ਼ਹੂਰ ਅਦਾਕਾਰ ਸੋਨੂੰ ਸੂਦ ਦਿੱਲੀ ਵਿਚ ਈਡੀ ਅੱਗੇ ਪੇਸ਼ ਹੋਣਗੇ। ਏਜੰਸੀ ਉਨ੍ਹਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰੇਗੀ ਕਿ ਉਨ੍ਹਾਂ ਨਾਲ ਆਨਲਾਈਨ ਐਪਸ ਲਈ ਸੰਪਰਕ ਕਿਵੇਂ ਕੀਤਾ ਗਿਆ, ਭੁਗਤਾਨ ਦਾ ਤਰੀਕਾ ਕੀ ਸੀ ਤੇ ਕੀ ਭੁਗਤਾਨ ਭਾਰਤ ਵਿਚ ਹੋਇਆ ਜਾਂ ਵਿਦੇਸ਼ਾਂ ਰਾਹੀਂ।
ਈਡੀ ਦੇ ਸਰੋਤਾਂ ਮੁਤਾਬਕ, ਆਉਣ ਵਾਲੇ ਦਿਨਾਂ ਵਿਚ ਹੋਰ ਕਈ ਐਥਲੀਟਾਂ, ਅਦਾਕਾਰਾਂ ਤੇ ਮਸ਼ਹੂਰ ਹਸਤੀਆਂ ਨੂੰ ਵੀ ਸਵਾਲ-ਜਵਾਬ ਲਈ ਬੁਲਾਇਆ ਜਾ ਸਕਦਾ ਹੈ। ਜਿਨ੍ਹਾਂ ਲੋਕਾਂ ਨੇ ਆਨਲਾਈਨ ਪ੍ਰਚਾਰ ਤੋਂ ਕਮਾਈ ਕੀਤੀ ਹੈ, ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਸਕਦੀ ਹੈ। ਬਾਅਦ ਵਿਚ ਅਦਾਲਤ ਵਿਚ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ।
ਏਜੰਸੀ ਨੇ ਪੁੱਛਗਿਛ ਦੌਰਾਨ ਇਕਰਾਰਨਾਮਿਆਂ ਦੀਆਂ ਕਾਪੀਆਂ, ਕਾਗਜ਼ੀ ਦਸਤਾਵੇਜ਼ ਤੇ ਸਬੰਧਤ ਈਮੇਲ ਵੀ ਮੰਗੇ ਹਨ। ਜਾਣਕਾਰੀ ਮਿਲੀ ਹੈ ਕਿ ਇਹ ਸਾਰੇ ਸੈਲੀਬ੍ਰਿਟੀ ਜਾਣਦੇ ਸਨ ਕਿ ਭਾਰਤ ਵਿਚ ਆਨਲਾਈਨ ਸੱਟੇਬਾਜ਼ੀ ਗੈਰ-ਕਾਨੂੰਨੀ ਹੈ।
ਹੁਣ ਸਭ ਦੀਆਂ ਨਜ਼ਰਾਂ ਸੋਨੂੰ ਸੂਦ ਦੀ ਪੁੱਛਗਿਛ ‘ਤੇ ਟਿਕੀਆਂ ਹੋਈਆਂ ਹਨ ਕਿ ਆਖ਼ਿਰ ਜਾਂਚ ਵਿਚੋਂ ਕੀ ਸਿੱਟਾ ਸਾਹਮਣੇ ਆਵੇਗਾ।
















