ਲੁਧਿਆਣਾ ਵਿੱਚ ਅੱਜ ਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ। ਹੌਜ਼ਰੀ ਕਾਰੋਬਾਰੀ ਰਜਤ ਚੋਪੜਾ ਦੀ ਕੋਠੀ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਦਰਮਿਆਨ ਪਰਿਵਾਰ ਦੇ 2 ਮੈਂਬਰਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕ ਬੱਚਾ ਅਤੇ ਉਸ ਦੀ ਦਾਦੀ ਸ਼ਾਮਲ ਹਨ।
ਅੱਗ ਲੱਗਦੇ ਹੀ ਮਚਿਆ ਹੜਕੰਪ
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੋਠੀ ਵਿੱਚ ਰਹਿ ਰਹੇ ਲੋਕਾਂ ਨੂੰ ਤੁਰੰਤ ਬਾਹਰ ਕੱਢਿਆ ਗਿਆ। ਪਰ ਦੋ ਜਣੇ ਅੰਦਰ ਫਸੇ ਰਹੇ ਜਿਨ੍ਹਾਂ ਦੀ ਧੂੰਏਂ ਵਿੱਚ ਘੁੱਟਣ ਕਾਰਨ ਮੌਤ ਹੋ ਗਈ।
ਅੱਗ ਇਤਨੀ ਭਿਆਨਕ ਸੀ ਕਿ ਨਾਲ ਵਾਲੀ ਕੋਠੀ ਵਿੱਚ ਵੀ ਧੂੰਆ ਫੈਲ ਗਿਆ। ਸ਼ੋਰ-ਸ਼ਰਾਬੇ ਤੋਂ ਬਾਅਦ ਦੋਹਾਂ ਕੋਠੀਆਂ ਦੇ ਰਹਿਣ ਵਾਲਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।

⚡ ਕਾਰਨ: ਸ਼ਾਟ ਸਰਕਟ
ਪਹਿਲੀ ਜਾਂਚ ਮੁਤਾਬਕ, ਅੱਗ ਸ਼ਾਟ ਸਰਕਟ ਕਾਰਨ ਲੱਗੀ ਦੱਸੀ ਜਾ ਰਹੀ ਹੈ। ਲੋਕਾਂ ਨੇ ਆਪਣੇ ਤਰੀਕੇ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਕਾਬੂ ‘ਚ ਨਾ ਆਈ। ਫਿਰ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ।
ਫਾਇਰ ਬ੍ਰਿਗੇਡ ਦੀ ਵੱਡੀ ਕਾਰਵਾਈ
ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਪਹੁੰਚੀਆਂ ਜਿਨ੍ਹਾਂ ਨੇ ਕਾਫ਼ੀ ਦੇਰ ਦੀ ਜ਼ਦੋ-ਜਹਦ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਸੁਰੱਖਿਆ ਦੇ ਤੌਰ ‘ਤੇ ਨੇੜੇ ਦੇ ਘਰਾਂ ਨੂੰ ਵੀ ਖਾਲੀ ਕਰਵਾ ਲਿਆ ਗਿਆ।
ਹੌਜ਼ਰੀ ਦਾ ਧਾਗਾ ਬਣਿਆ ਅੱਗ ਦੀ ਚਪੇਟ ਦਾ ਕਾਰਨ
ਕੋਠੀ ਦੇ ਮਾਲਕ ਰਜਤ ਚੋਪੜਾ ਨੇ ਦੱਸਿਆ ਕਿ ਕੋਠੀ ਦੇ ਗ੍ਰਾਊਂਡ ਫਲੋਰ ‘ਤੇ ਹੌਜ਼ਰੀ ਦਾ ਧਾਗਾ ਅਤੇ ਹੋਰ ਸਮਾਨ ਰੱਖਿਆ ਹੋਇਆ ਸੀ। ਅੱਗ ਸਭ ਤੋਂ ਪਹਿਲਾਂ ਉਸੇ ਧਾਗੇ ਨੂੰ ਲੱਗੀ ਅਤੇ ਕੁਝ ਹੀ ਸਮੇਂ ‘ਚ ਪੂਰੇ ਗ੍ਰਾਊਂਡ ਫਲੋਰ ‘ਤੇ ਫੈਲ ਗਈ।
ਪਰਿਵਾਰ ਨੇ ਬਚਾਅ ਲਈ ਸ਼ੋਰ ਮਚਾਇਆ, ਲੋਕਾਂ ਦੀ ਮਦਦ ਨਾਲ ਕੁਝ ਮੈਂਬਰ ਬਚਾ ਲਏ ਗਏ। ਪਰ ਅੱਗ ਇਤਨੀ ਤੇਜ਼ ਸੀ ਕਿ ਪਹਿਲੀ ਮੰਜ਼ਿਲ ਵੀ ਇਸਦੀ ਚਪੇਟ ‘ਚ ਆ ਗਈ। ਹਾਲਾਂਕਿ, ਸਮੇਂ ‘ਤੇ ਫਾਇਰ ਬ੍ਰਿਗੇਡ ਪਹੁੰਚਣ ਨਾਲ ਵੱਡੀ ਤਬਾਹੀ ਤੋਂ ਬਚਾਵ ਹੋ ਗਿਆ।

















