ਜਲੰਧਰ ਵਿੱਚ “Sale for Punjab Only” ਵਾਲੀ ਸ਼ਰਾਬ ਦਾ ਕਾਲਾ ਧੰਧਾ!
ਲੋਕਾਂ ਦੀ ਮੰਗ – ਸਟਿੱਕਰ ਦੇ ਸੀਰੀਅਲ ਨੰਬਰ ਦੀ ਜਾਂਚ ਕਰਕੇ ਬੇਨਕਾਬ ਹੋਣ ਚਾਹੀਦੇ ਨੇ ਅਸਲੀ ਸਪਲਾਇਰ
ਜਲੰਧਰ (ਪੰਕਜ ਸੋਨੀ): ਜਲੰਧਰ ਸ਼ਹਿਰ ਵਿੱਚ ਨਜਾਇਜ਼ ਸ਼ਰਾਬ ਦਾ ਧੰਧਾ ਨੰਗ ਧੜੰਗ ਹੋ ਚੁੱਕਾ ਹੈ। ਸ਼ਹਿਰ ਦੀਆਂ ਬਸਤੀਆਂ ਤੋਂ ਲੈ ਕੇ ਮੁੱਖ ਇਲਾਕਿਆਂ ਤੱਕ, “Sale for Punjab Only” ਵਾਲੇ ਸਟਿੱਕਰ ਨਾਲ ਲੱਗੀਆਂ ਬੋਤਲਾਂ ਖੁੱਲ੍ਹੇਆਮ ਵੇਚੀਆਂ ਜਾ ਰਹੀਆਂ ਹਨ। ਇਹ ਖ਼ੁਲਾਸਾ ਹੋਣ ਤੋਂ ਬਾਅਦ ਸਵਾਲ ਉਠ ਰਿਹਾ ਹੈ ਕਿ ਜਦੋਂ ਇਹ ਬੋਤਲਾਂ ਠੇਕਿਆਂ ਤੋਂ ਹੀ ਨਿਕਲਦੀਆਂ ਹਨ ਤਾਂ ਆਖ਼ਿਰ ਇਹ ਗਲੀਆਂ-ਮੁਹੱਲਿਆਂ ’ਚ ਕਿਵੇਂ ਪਹੁੰਚ ਰਹੀਆਂ ਹਨ ?
ਲੋਕਾਂ ਨੇ ਸਿੱਧੀ ਮੰਗ ਕੀਤੀ ਹੈ ਕਿ ਐਕਸਾਈਜ਼ ਵਿਭਾਗ ਤੁਰੰਤ ਸਟਿੱਕਰਾਂ ਦੇ ਸੀਰੀਅਲ ਨੰਬਰ ਦੀ ਜਾਂਚ ਕਰੇ, ਤਾਂ ਜੋ ਇਹ ਪਤਾ ਲੱਗ ਸਕੇ ਕਿ ਕਿਹੜੇ ਠੇਕਿਆਂ ਤੋਂ ਸ਼ਰਾਬ ਨਿਕਲ ਕੇ ਨਜਾਇਜ਼ ਤਰੀਕੇ ਨਾਲ ਮਾਫੀਆ ਤੱਕ ਪਹੁੰਚ ਰਹੀ ਹੈ। ਬਿਨਾਂ ਠੇਕੇਦਾਰਾਂ ਦੀ ਸਾਂਝੇਦਾਰੀ ਤੋਂ ਇਹ ਵੱਡਾ ਗੈਰਕਾਨੂੰਨੀ ਜਾਲ ਸੰਭਵ ਨਹੀਂ।
ਵਸਨੀਕਾਂ ਦਾ ਦੋਸ਼ ਹੈ ਕਿ ਪੁਲਿਸ ਅਤੇ ਐਕਸਾਈਜ਼ ਵਿਭਾਗ ਦੋਵੇਂ ਅੱਖਾਂ ਬੰਦ ਕਰਕੇ ਬੈਠੇ ਹਨ। ਨਾ ਕੋਈ ਛਾਪੇਮਾਰੀ, ਨਾ ਕੋਈ ਗੰਭੀਰ ਕਾਰਵਾਈ — ਜਿਸ ਕਾਰਨ ਲੋਕਾਂ ਵਿੱਚ ਗੁੱਸਾ ਵੱਧ ਰਿਹਾ ਹੈ। “ਜੇ ਸੱਚਾਈ ਬਾਹਰ ਆ ਜਾਵੇ ਕਿ ਕਿਹੜੇ ਠੇਕੇਦਾਰ ਮਾਫੀਆ ਨੂੰ ਸ਼ਰਾਬ ਸਪਲਾਈ ਕਰਦੇ ਹਨ, ਤਾਂ ਅਧਿਕਾਰੀਆਂ ਦੀਆਂ ਲਾਪਰਵਾਹੀਆਂ ਵੀ ਬੇਨਕਾਬ ਹੋ ਜਾਣਗੀਆਂ,” ਲੋਕਾਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ।
ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਨਜਾਇਜ਼ ਸ਼ਰਾਬ ਨੇ ਨੌਜਵਾਨਾਂ ਦੀ ਜ਼ਿੰਦਗੀ ਨਾਲ ਖੇਡ ਬਣਾ ਦਿੱਤਾ ਹੈ। ਇਸ ਲਈ ਉਹ ਮੰਗ ਕਰਦੇ ਹਨ ਕਿ ਉੱਚ ਪੁਲਿਸ ਅਧਿਕਾਰੀ ਅਤੇ ਐਕਸਾਈਜ਼ ਕਮਿਸ਼ਨਰ ਖੁਦ ਜਾਂਚ ਕਰਕੇ, ਸੀਰੀਅਲ ਨੰਬਰ ਟ੍ਰੇਸਿੰਗ ਰਾਹੀਂ ਅਸਲ ਸਪਲਾਇਰਾਂ ਨੂੰ ਬੇਨਕਾਬ ਕਰਨ।
















