ਬਲੈਕ ਮੂਨ ‘ਚ ਬਦਲੇਗਾ ਚੰਦ – ਅੱਜ ਦੀ ਰਾਤ ਅਸਮਾਨ ‘ਚ ਨਜ਼ਰ ਆਵੇਗਾ ਅਨੋਖਾ ਦ੍ਰਿਸ਼, 33 ਮਹੀਨੇ ਬਾਅਦ ਮਿਲੇਗਾ ਇਹ ਨਜ਼ਾਰਾ !

0
73

ਵਾਸ਼ਿੰਗਟਨ: ਚੰਦ ਨੂੰ ਕਈ ਨਾਂਵਾਂ ਨਾਲ ਜਾਣਿਆ ਜਾਂਦਾ ਹੈ। ਇਸੇ ਸਾਲ ਮਾਰਚ ਵਿੱਚ ਅੰਤਰਿਕਸ਼-ਪ੍ਰੇਮੀਆਂ ਨੇ ਬਲੱਡ ਮੂਨ ਵੇਖਿਆ ਸੀ, ਜੋ ਚੰਦਰ ਗ੍ਰਹਿਣ ਦੌਰਾਨ ਇਸਦੇ ਲਾਲ ਰੰਗ ਵਿੱਚ ਬਦਲਣ ਕਰਕੇ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਤੁਸੀਂ ਬਲੂ ਮੂਨ ਬਾਰੇ ਵੀ ਜ਼ਰੂਰ ਸੁਣਿਆ ਹੋਵੇਗਾ, ਜਿਸਨੂੰ ਇੱਕ ਮਹੀਨੇ ਵਿੱਚ ਹੋਣ ਵਾਲੇ ਦੂਜੇ ਪੂਰਨਿਮਾ ਦੇ ਚੰਦ ਨੂੰ ਕਿਹਾ ਜਾਂਦਾ ਹੈ। ਪਰ ਅੱਜ ਅਸੀਂ ਤੁਹਾਨੂੰ ਬਲੈਕ ਮੂਨ ਬਾਰੇ ਦੱਸ ਰਹੇ ਹਾਂ, ਜਿਸਨੂੰ ਦੁਨੀਆ ਭਰ ਦੇ ਅੰਤਰਿਕਸ਼ ਪ੍ਰੇਮੀ ਅੱਜ ਸ਼ਨੀਵਾਰ, 23 ਅਗਸਤ ਨੂੰ ਦੇਖਣ ਵਾਲੇ ਹਨ। ਆਓ ਜਾਣਦੇ ਹਾਂ ਕਿ ਬਲੈਕ ਮੂਨ ਕੀ ਹੈ ਅਤੇ ਖਗੋਲ ਵਿਗਿਆਨੀਆਂ ਤੇ ਅੰਤਰਿਕਸ਼ ਪ੍ਰੇਮੀਆਂ ਲਈ ਇਹ ਖਾਸ ਕਿਉਂ ਹੈ।

ਬਲੈਕ ਮੂਨ ਕੀ ਹੈ?

ਹਾਲਾਂਕਿ, ਬਲੈਕ ਮੂਨ ਕੋਈ ਅਧਿਕਾਰਕ ਨਾਮ ਨਹੀਂ ਹੈ। ਕੈਲੰਡਰ ਮਹੀਨੇ ਵਿੱਚ ਆਉਣ ਵਾਲੀ ਦੂਜੀ ਅਮਾਵੱਸ ਨੂੰ ਇਹ ਨਾਮ ਦਿੱਤਾ ਜਾਂਦਾ ਹੈ। ਇਹ ਲਗਭਗ ਹਰ 29 ਮਹੀਨੇ ‘ਚ ਇਕ ਵਾਰ ਹੁੰਦੀ ਹੈ। ਜਾਂ ਫਿਰ ਕਿਸੇ ਅਜੇਹੇ ਮੌਸਮ ਵਿੱਚ ਜਿੱਥੇ ਆਮ ਤੌਰ ‘ਤੇ ਤਿੰਨ ਦੀ ਬਜਾਏ ਚਾਰ ਅਮਾਵੱਸਾਂ ਹੁੰਦੀਆਂ ਹਨ, ਤਾਂ ਉਸ ਮੌਸਮ ਦੀ ਤੀਜੀ ਅਮਾਵੱਸ ਨੂੰ ਵੀ ਬਲੈਕ ਮੂਨ ਕਿਹਾ ਜਾਂਦਾ ਹੈ। ਇਹ ਲਗਭਗ 33 ਮਹੀਨਿਆਂ ‘ਚ ਇਕ ਵਾਰ ਆਉਂਦੀ ਹੈ।

ਅਮਾਵੱਸ ਉਸ ਵੇਲੇ ਹੁੰਦੀ ਹੈ ਜਦੋਂ ਚੰਦ ਦਾ ਕੇਵਲ ਦੂਰ ਵਾਲਾ ਹਿੱਸਾ ਹੀ ਸੂਰਜ ਦੀ ਰੌਸ਼ਨੀ ਨਾਲ ਚਮਕਦਾ ਹੈ। ਇਸਦਾ ਧਰਤੀ ਵੱਲ ਮੂੰਹ ਕੀਤਾ ਹਿੱਸਾ ਪੂਰੀ ਤਰ੍ਹਾਂ ਛਾਂ ਵਿੱਚ ਹੁੰਦਾ ਹੈ, ਜਿਸ ਕਾਰਨ ਇਹ ਧਰਤੀ ਤੋਂ ਨਹੀਂ ਦਿੱਸਦਾ। ਇਹ ਚੰਦਰ ਚੱਕਰ ਦੀ ਸ਼ੁਰੂਆਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ।