ਚਰਚ ਜਾਣ ਲਈ ਘਰੋਂ ਨਿਕਲਿਆ ਨੌਜਵਾਨ ਨਹੀਂ ਆਇਆ ਵਾਪਸ, ਲਾਸ਼ ਬਰਾਮਦ

ਕਪੂਰਥਲਾ ਦੇ ਕਾਂਜਲੀ ਰੋਡ ‘ਤੇ ਸਥਿਤ ਸੁੱਖ ਸਾਗਰ ਕਲੋਨੀ ਨੇੜੇ ਖੇਤਾਂ ਵਿਚੋਂ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸਾਗਰ ਪੁੱਤਰ ਸੁਰਿੰਦਰਪਾਲ ਵਾਸੀ ਨਡਾਲੀ, ਥਾਣਾ ਬੇਗੋਵਾਲ ਵਜੋਂ ਹੋਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਗਰ ਪਿਛਲੇ ਦੋ ਦਿਨਾਂ ਤੋਂ ਲਾਪਤਾ ਸੀ। ਉਨ੍ਹਾਂ ਅਨੁਸਾਰ ਸਾਗਰ ਆਪਣੀ ਭੈਣ ਦੇ ਪਿੰਡ ਡੋਲੇ ਤੋਂ ਬੱਸ ਰਾਹੀਂ ਕਪੂਰਥਲਾ ਆਇਆ ਸੀ ਅਤੇ ਉਸਨੇ ਚਰਚ ਜਾਣਾ ਸੀ, ਪਰ ਉਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਪਰਤਿਆ।

ਪਰਿਵਾਰ ਵੱਲੋਂ ਇਸ ਸਬੰਧੀ ਥਾਣਾ ਸਿਟੀ ਕਪੂਰਥਲਾ ਵਿਖੇ ਗੁਮਸ਼ੁਦਗੀ ਦੀ ਦਰਖ਼ਾਸਤ ਵੀ ਦਿੱਤੀ ਗਈ ਸੀ। ਇਸ ਮਾਮਲੇ ਬਾਰੇ ਜਦੋਂ ਥਾਣਾ ਸਿਟੀ ਦੇ ਏ.ਐੱਸ.ਆਈ. ਬਲਦੇਵ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮਿਲੀ ਸੂਚਨਾ ਦੇ ਆਧਾਰ ‘ਤੇ ਪੁਲਿਸ ਪਾਰਟੀ ਵੱਲੋਂ ਸੁੱਖ ਸਾਗਰ ਕਲੋਨੀ ਨੇੜੇ ਖੇਤਾਂ ਵਿਚੋਂ ਇਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ ਹੈ।

ਏ.ਐੱਸ.ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਰਖਵਾ ਦਿੱਤਾ ਗਿਆ ਹੈ ਅਤੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ।