ਮਨੋਰੰਜਨ ਜਗਤ ਤੋਂ ਇਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਬੀ.ਆਰ. ਚੋਪੜਾ ਦੇ ਮਸ਼ਹੂਰ ਟੈਲੀਵਿਜ਼ਨ ਸੀਰੀਅਲ “ਮਹਾਭਾਰਤ” ਵਿੱਚ ਕਰਨ ਦਾ ਕਿਰਦਾਰ ਨਿਭਾ ਕੇ ਘਰ-ਘਰ ਵਿੱਚ ਆਪਣੀ ਪਛਾਣ ਬਣਾਉਣ ਵਾਲੇ ਅਦਾਕਾਰ ਪੰਕਜ ਧੀਰ ਦਾ ਦੇਹਾਂਤ ਹੋ ਗਿਆ ਹੈ। ਉਹ 68 ਸਾਲ ਦੇ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ।
ਧੀਰ ਦੇ ਕਰੀਬੀ ਦੋਸਤ ਅਤੇ ਫਿਲਮ ਨਿਰਮਾਤਾ ਅਸ਼ੋਕ ਪੰਡਿਤ ਨੇ ਜਾਣਕਾਰੀ ਦਿੱਤੀ ਕਿ ਪੰਕਜ ਧੀਰ ਦਾ ਅੱਜ ਸਵੇਰੇ ਕੈਂਸਰ ਕਾਰਨ ਦੇਹਾਂਤ ਹੋ ਗਿਆ। ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਸੀ ਅਤੇ ਉਨ੍ਹਾਂ ਨੂੰ ਕਈ ਵਾਰ ਹਸਪਤਾਲ ਜਾਣਾ ਪਿਆ। ਉਨ੍ਹਾਂ ਦੇ ਅੰਤਿਮ ਸੰਸਕਾਰ ਅੱਜ ਸ਼ਾਮ ਕੀਤੇ ਜਾਣਗੇ।

ਉਨ੍ਹਾਂ ਦੇ ਪਿੱਛੇ ਉਨ੍ਹਾਂ ਦੀ ਪਤਨੀ ਅਨੀਤਾ ਧੀਰ ਅਤੇ ਪੁੱਤਰ ਨਿਕਿਤਿਨ ਧੀਰ ਹਨ, ਜੋ ਕਿ ਖੁਦ ਵੀ ਇੱਕ ਜਾਣੇ-ਮਾਣੇ ਅਦਾਕਾਰ ਹਨ।
ਪੰਕਜ ਧੀਰ ਨੇ ਨਾ ਸਿਰਫ਼ ਟੈਲੀਵਿਜ਼ਨ, ਬਲਕਿ ਫਿਲਮ ਜਗਤ ਵਿੱਚ ਵੀ ਆਪਣਾ ਅਮਿੱਟ ਨਿਸ਼ਾਨ ਛੱਡਿਆ। ਉਹ “ਸੜਕ”, “ਸੋਲਜਰ”, “ਬਾਦਸ਼ਾਹ” ਸਮੇਤ ਕਈ ਪ੍ਰਸਿੱਧ ਫਿਲਮਾਂ ਵਿੱਚ ਨਜ਼ਰ ਆਏ। ਉਨ੍ਹਾਂ ਨੇ “ਚੰਦਰਕਾਂਤਾ” ਵਿਚ ਰਾਜਾ ਸ਼ਿਵ ਦੱਤ ਦਾ ਰੋਲ ਨਿਭਾ ਕੇ ਵੀ ਦਰਸ਼ਕਾਂ ਦੇ ਦਿਲ ਜਿੱਤੇ ਸਨ।
ਪੰਕਜ ਧੀਰ ਦੀ ਮੌਤ ਨਾਲ ਫਿਲਮ ਅਤੇ ਟੈਲੀਵਿਜ਼ਨ ਇੰਡਸਟਰੀ ਵਿੱਚ ਗਹਿਰਾ ਸੋਗ ਛਾ ਗਿਆ ਹੈ। ਕਈ ਸਿਤਾਰਿਆਂ ਅਤੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਸ਼ਰਧਾਂਜਲੀ ਦਿੱਤੀ ਹੈ।

















