ਕਪੂਰਥਲਾ: ਪੰਜਾਬ ਸਰਕਾਰ ਦੀ ਨਸ਼ਾ ਤਸਕਰਾਂ ਵਿਰੁੱਧ ਚੱਲ ਰਹੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਅੱਜ ਥਾਣਾ ਸੁਲਤਾਨਪੁਰ ਲੋਧੀ ਦੇ ਪਿੰਡ ਸੇਚਾਂ ਵਿੱਚ ਨਸ਼ਾ ਤਸਕਰ ਵੱਲੋਂ ਪੰਚਾਇਤੀ ਜ਼ਮੀਨ ’ਤੇ ਕੀਤੀ ਨਾਜਾਇਜ਼ ਉਸਾਰੀ ਨੂੰ ਢਾਹਿਆ ਗਿਆ। ਇਹ ਕਾਰਵਾਈ ਬੀ.ਡੀ.ਪੀ.ਓ. ਸੁਲਤਾਨਪੁਰ ਲੋਧੀ ਦੇ ਹੁਕਮਾਂ ਅਨੁਸਾਰ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਕੀਤੀ ਗਈ।
ਇਸ ਮਾਮਲੇ ਵਿੱਚ ਗੁਰਭੇਜ ਸਿੰਘ ਉਰਫ਼ ਭੇਜਾ ਪੁੱਤਰ ਜਰਨੈਲ ਸਿੰਘ ਵੱਲੋਂ ਪੰਚਾਇਤੀ ਜ਼ਮੀਨ ’ਤੇ ਘਰ ਬਣਾਇਆ ਗਿਆ ਸੀ, ਜਿਸ ਉੱਤੇ ਅਧਿਕਾਰੀਆਂ ਵਲੋਂ ਪੀਲਾ ਪੰਜਾ ਚਲਾਇਆ ਗਿਆ।
ਐਸ.ਐਸ.ਪੀ. ਕਪੂਰਥਲਾ ਸ੍ਰੀ ਗੌਰਵ ਤੂਰਾ ਨੇ ਦੱਸਿਆ ਕਿ ਗੁਰਭੇਜ ਸਿੰਘ ਉਰਫ਼ ਭੇਜਾ ਵਿਰੁੱਧ ਵੱਖ-ਵੱਖ ਥਾਣਿਆਂ ਵਿੱਚ ਕੁੱਲ 9 ਮੁਕੱਦਮੇ ਦਰਜ ਹਨ, ਜਿਨ੍ਹਾਂ ਵਿੱਚੋਂ 7 ਮਾਮਲੇ ਐਨ.ਡੀ.ਪੀ.ਐਕਟ ਅਤੇ 2 ਲੜਾਈ-ਝਗੜੇ ਨਾਲ ਸਬੰਧਿਤ ਹਨ। ਉਨ੍ਹਾਂ ਕਿਹਾ ਕਿ ਪੰਚਾਇਤ ਵਲੋਂ ਆਪਣੇ ਪੱਧਰ ’ਤੇ ਮਤਾ ਪਾ ਕੇ ਨਸ਼ਾ ਤਸਕਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ।
ਐਸ.ਐਸ.ਪੀ. ਤੂਰਾ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਪ੍ਰਸ਼ਾਸਨ ਦੇ ਸਾਥ ਦੇਣ ਅਤੇ ਕਿਸੇ ਵੀ ਨਸ਼ਾ ਪੀੜਤ ਬਾਰੇ ਜਾਣਕਾਰੀ ਦੇਣ, ਤਾਂ ਕਿ ਉਹਨਾਂ ਦਾ ਇਲਾਜ ਨਸ਼ਾ ਮੁਕਤੀ ਕੇਂਦਰ ’ਤੇ ਕਰਵਾਇਆ ਜਾ ਸਕੇ ਅਤੇ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਂਦਾ ਜਾ ਸਕੇ।
ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਦੇ ਸਖ਼ਤ ਨਿਰਦੇਸ਼ਾਂ ਦੇ ਤਹਿਤ ਜ਼ਿਲ੍ਹਾ ਪੁਲਿਸ ਨਸ਼ਾ ਤਸਕਰੀ ਨੂੰ ਨੱਥ ਪਾਉਣ ਲਈ ਵਚਨਬੱਧ ਹੈ ਅਤੇ ਕਿਸੇ ਵੀ ਨਸ਼ਾ ਤਸਕਰੀ ਵਿੱਚ ਲਿਪਤ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਨਸ਼ਾ ਤਸਕਰੀ ਖ਼ਿਲਾਫ਼ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ।

















