ਨਵੀਂ ਦਿੱਲੀ—ਰਾਸ਼ਟਰੀ ਰਾਜਧਾਨੀ ਦਿੱਲੀ ਸੋਮਵਾਰ ਦੀ ਸਵੇਰ ਪ੍ਰਦੂਸ਼ਣ ਅਤੇ ਜ਼ਹਿਰੀਲੀ ਧੁੰਦ ਦੇ ਖ਼ਤਰਨਾਕ ਮਿਸ਼ਰਣ ਦੀ ਚਪੇਟ ‘ਚ ਆ ਗਈ। ਦਿੱਲੀ ਵਿੱਚ ਹਵਾ ਦੀ ਗੁਣਵੱਤਾ ਦਾ ਸੂਚਕਾਂਕ (AQI) 400 ਦਾ ਅੰਕੜਾ ਪਾਰ ਕਰ ਗਿਆ, ਜਿਸ ਨਾਲ ਸਥਿਤੀ ‘ਗੰਭੀਰ’ (Severe) ਸ਼੍ਰੇਣੀ ‘ਚ ਪਹੁੰਚ ਗਈ। ਸਵੇਰੇ 7 ਵਜੇ ਦਿੱਲੀ ਦਾ ਔਸਤ AQI 402 ਦਰਜ ਕੀਤਾ ਗਿਆ।
ਪ੍ਰਦੂਸ਼ਣ ਦੇ ਹਾਲਾਤ ਲਗਾਤਾਰ ਬਦਤਰ ਹੋ ਰਹੇ ਹਨ। ਦਿੱਲੀ ਦੇ 40 ਹਵਾ ਗੁਣਵੱਤਾ ਨਿਗਰਾਨੀ ਸਟੇਸ਼ਨਾਂ ‘ਚੋਂ 25 ਸਟੇਸ਼ਨਾਂ ‘ਤੇ ਪ੍ਰਦੂਸ਼ਣ ‘ਗੰਭੀਰ’ ਪੱਧਰ ‘ਤੇ ਪਾਇਆ ਗਿਆ। ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚ ਆਨੰਦ ਵਿਹਾਰ (459), ਵਿਵੇਕ ਵਿਹਾਰ (458), ਰੋਹਿਣੀ (445) ਅਤੇ ਵਜ਼ੀਰਪੁਰ (444) ਸ਼ਾਮਲ ਹਨ। ਇਨ੍ਹਾਂ ਖੇਤਰਾਂ ਵਿੱਚ PM2.5 ਕਣ ਸਭ ਤੋਂ ਵੱਡਾ ਪ੍ਰਦੂਸ਼ਕ ਬਣ ਕੇ ਸਾਹਮਣੇ ਆਏ ਹਨ।

ਸੰਘਣੀ ਧੁੰਦ ਕਾਰਨ ਆਵਾਜਾਈ ਪ੍ਰਣਾਲੀ ‘ਤੇ ਵੀ ਭਾਰੀ ਅਸਰ ਪਿਆ ਹੈ। ਦਿੱਲੀ ਹਵਾਈ ਅੱਡੇ ‘ਤੇ ਵਿਜ਼ੀਬਿਲਟੀ ਘਟ ਕੇ 125 ਮੀਟਰ ਤੱਕ ਰਹਿ ਗਈ, ਜਦਕਿ ਰਨਵੇਅ ‘ਤੇ ਇਹ 100 ਤੋਂ 150 ਮੀਟਰ ਦਰਮਿਆਨ ਰਹੀ। ਇਸ ਕਾਰਨ ਕਈ ਉਡਾਣਾਂ ਦੇਰੀ ਨਾਲ ਚੱਲੀਆਂ ਜਾਂ ਰੱਦ ਕਰਨੀ ਪਈਆਂ। ਇੰਡੀਗੋ ਅਤੇ ਏਅਰ ਇੰਡੀਆ ਸਮੇਤ ਕਈ ਏਅਰਲਾਈਨਾਂ ਨੇ ਯਾਤਰੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਰੇਲ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ, ਜਿਸ ਨਾਲ ਰਾਜਧਾਨੀ ਐਕਸਪ੍ਰੈਸ, ਵੰਦੇ ਭਾਰਤ ਅਤੇ ਜਨ ਸ਼ਤਾਬਦੀ ਵਰਗੀਆਂ ਪ੍ਰਮੁੱਖ ਰੇਲ ਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ।

ਭਾਰਤੀ ਮੌਸਮ ਵਿਭਾਗ (IMD) ਨੇ ਸਵੇਰੇ 5:31 ਤੋਂ 8:31 ਵਜੇ ਤੱਕ ਬਹੁਤ ਜ਼ਿਆਦਾ ਸੰਘਣੀ ਧੁੰਦ ਲਈ ‘ਰੈੱਡ ਅਲਰਟ’ ਜਾਰੀ ਕੀਤਾ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਵਾਹਨ ਚਲਾਉਂਦੇ ਸਮੇਂ ਖ਼ਾਸ ਸਾਵਧਾਨੀ ਵਰਤਣ, ਫੋਗ ਲਾਈਟਾਂ ਦੀ ਵਰਤੋਂ ਕਰਨ ਅਤੇ ਬਿਨਾਂ ਜ਼ਰੂਰੀ ਕੰਮ ਘਰੋਂ ਬਾਹਰ ਨਾ ਨਿਕਲਣ। ਸਿਹਤ ਮਾਹਿਰਾਂ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਬਾਹਰੀ ਗਤੀਵਿਧੀਆਂ ਘੱਟ ਰੱਖੀਆਂ ਜਾਣ ਕਿਉਂਕਿ ਹਵਾ ਦੀ ਗੁਣਵੱਤਾ ਲਗਾਤਾਰ ਖ਼ਤਰਨਾਕ ਬਣੀ ਹੋਈ ਹੈ।

















