ਗੁਰਦਾਸਪੁਰ—ਅੱਜ ਦੇ ਦੌਰ ਵਿੱਚ, ਜਿੱਥੇ ਅਕਸਰ ਇਨਸਾਨ ਇਨਸਾਨ ਦਾ ਹੀ ਵੈਰੀ ਬਣਿਆ ਹੋਇਆ ਹੈ, ਉੱਥੇ ਗੁਰਦਾਸਪੁਰ ਦੇ ਇੱਕ ਪਰਿਵਾਰ ਨੇ ਇਨਸਾਨੀਅਤ ਅਤੇ ਪਿਆਰ ਦੀ ਅਨੋਖੀ ਮਿਸਾਲ ਕਾਇਮ ਕੀਤੀ ਹੈ। ਇਸ ਪਰਿਵਾਰ ਨੇ ਕਰੀਬ 7 ਸਾਲ ਪਹਿਲਾਂ ਲਿਆਂਦੇ ਤੋਤੇ–ਤੋਤੀ ਦੇ ਇੱਕ ਜੋੜੇ ਨੂੰ ਸਿਰਫ਼ ਪਾਲਤੂ ਪੰਛੀ ਨਹੀਂ, ਸਗੋਂ ਆਪਣੇ ਪਰਿਵਾਰ ਦਾ ਹਿੱਸਾ ਬਣਾਕੇ ਰੱਖਿਆ। ਪਰਿਵਾਰ ਦੇ ਮੈਂਬਰ ਉਨ੍ਹਾਂ ਨਾਲ ਬੱਚਿਆਂ ਵਾਂਗ ਪਿਆਰ ਕਰਦੇ ਸਨ ਅਤੇ ਹਰ ਖੁਸ਼ੀ–ਗਮੀ ਵਿੱਚ ਉਨ੍ਹਾਂ ਨੂੰ ਆਪਣੇ ਨਾਲ ਸ਼ਾਮਲ ਕਰਦੇ ਰਹੇ।
ਕੁਝ ਦਿਨ ਪਹਿਲਾਂ ਤੋਤਾ ਅਤੇ ਤੋਤੀ ਦੇ ਇਸ ਜਹਾਨ ਤੋਂ ਵਿਛੁੜ ਜਾਣ ਤੋਂ ਬਾਅਦ ਪਰਿਵਾਰ ਨੇ ਉਹੀ ਰੀਤੀ-ਰਿਵਾਜ ਨਿਭਾਏ, ਜੋ ਆਮ ਤੌਰ ‘ਤੇ ਕਿਸੇ ਮਨੁੱਖ ਦੀ ਮੌਤ ਤੋਂ ਬਾਅਦ ਕੀਤੇ ਜਾਂਦੇ ਹਨ। ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪਾਠ ਕਰਵਾਇਆ ਗਿਆ। ਇਸ ਤੋਂ ਬਾਅਦ 10ਵੇਂ ਦਿਨ ਭੋਗ ਪਾਇਆ ਗਿਆ ਅਤੇ ਲਗਭਗ 300 ਲੋਕਾਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ।
ਇਸ ਮੌਕੇ ਪਰਿਵਾਰ ਨੇ ਆਪਣੇ ਸਾਰੇ ਰਿਸ਼ਤੇਦਾਰਾਂ ਅਤੇ ਨੇੜਲੇ ਸਨਬੰਧੀਆਂ ਨੂੰ ਵੀ ਭੋਗ ‘ਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਪਰਿਵਾਰ ਦਾ ਕਹਿਣਾ ਹੈ ਕਿ ਤੋਤਾ–ਤੋਤੀ ਸਿਰਫ਼ ਪੰਛੀ ਨਹੀਂ ਸਨ, ਸਗੋਂ ਸਾਡੇ ਘਰ ਦੇ ਮੈਂਬਰਾਂ ਵਾਂਗ ਸਨ, ਜਿਨ੍ਹਾਂ ਨਾਲ ਅਸੀਂ ਹਰ ਪਲ ਜੁੜੇ ਰਹੇ।
ਇਹ ਘਟਨਾ ਸਾਬਤ ਕਰਦੀ ਹੈ ਕਿ ਪਿਆਰ, ਦਇਆ ਅਤੇ ਸੰਵੇਦਨਾ ਸਿਰਫ਼ ਇਨਸਾਨਾਂ ਤੱਕ ਸੀਮਤ ਨਹੀਂ, ਸਗੋਂ ਹਰ ਜੀਵ ਲਈ ਹੋਣੀ ਚਾਹੀਦੀ ਹੈ। ਗੁਰਦਾਸਪੁਰ ਦੇ ਇਸ ਪਰਿਵਾਰ ਦੀ ਕਹਾਣੀ ਅੱਜ ਦੇ ਸਮਾਜ ਲਈ ਇਕ ਵੱਡਾ ਸੰਦੇਸ਼ ਹੈ।

















