ਗੁਰਦਾਸਪੁਰ ਸ਼ਹਿਰ ਵਿੱਚ ਲਗਾਤਾਰ ਵੱਡੀਆਂ ਅਪਰਾਧਿਕ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇੱਕ ਦਿਨ ਬਾਅਦ ਹੀ ਫਿਰ ਇੱਕ ਹੋਰ ਇਮੀਗ੍ਰੇਸ਼ਨ ਸੈਂਟਰ ‘ਤੇ ਫਾਇਰਿੰਗ ਦੀ ਘਟਨਾ ਵਾਪਰੀ ਹੈ। ਇਹ ਤਾਜ਼ਾ ਵਾਕਿਆ ਗੁਰਦਾਸਪੁਰ ਦੀ ਇੰਪਰੂਵਮੈਂਟ ਟਰਸਟ ਸਕੀਮ ਨੰਬਰ 7 ਅਤੇ ਨਵੇਂ ਬੱਸ ਸਟੈਂਡ ਦੀ ਮਾਰਕੀਟ ਨੇੜੇ ਸਥਿਤ ਜੈਨਥ ਇਮੀਗ੍ਰੇਸ਼ਨ ਸੈਂਟਰ ਦੇ ਬਾਹਰ ਵਾਪਰਿਆ।
ਜਾਣਕਾਰੀ ਮੁਤਾਬਕ ਫਿਰੌਤੀ ਨਾ ਮਿਲਣ ਕਾਰਨ ਹਮਲਾਵਰਾਂ ਵੱਲੋਂ ਇਮੀਗ੍ਰੇਸ਼ਨ ਸੈਂਟਰ ਦੇ ਬਾਹਰ ਪੰਜ ਤੋਂ ਛੇ ਗੋਲੀਆਂ ਚਲਾਈਆਂ ਗਈਆਂ। ਇਨ੍ਹਾਂ ਵਿੱਚੋਂ ਪੰਜ ਗੋਲੀਆਂ ਸੈਂਟਰ ਦੇ ਸ਼ਟਰ ਤੇ ਅਤੇ ਇੱਕ ਗੋਲੀ ਸ਼ੀਸ਼ੇ ‘ਤੇ ਲੱਗੀ। ਗਨੀਮਤ ਇਹ ਰਹੀ ਕਿ ਘਟਨਾ ਵੇਲੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਫਾਇਰਿੰਗ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਹਮਲਾਵਰਾਂ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਲਗਾਤਾਰ ਹੋ ਰਹੀਆਂ ਅਜਿਹੀਆਂ ਵੱਡੀਆਂ ਘਟਨਾਵਾਂ ਕਾਰਨ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਲੋਕਾਂ ਵਿੱਚ ਡਰ ਦੇ ਨਾਲ ਨਾਲ ਪੁਲਿਸ ਪ੍ਰਸ਼ਾਸਨ ‘ਤੇ ਭਰੋਸਾ ਵੀ ਘਟਦਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਵੀਰਵਾਰ ਦੀ ਰਾਤ ਨੂੰ ਵੀ ਇਸੇ ਤਰ੍ਹਾਂ ਹੱਬ ਇਮੀਗ੍ਰੇਸ਼ਨ ਸੈਂਟਰ ‘ਤੇ ਦੇਰ ਸ਼ਾਮ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਦੋ ਗੋਲੀਆਂ ਚਲਾਈਆਂ ਗਈਆਂ ਸਨ। ਲਗਾਤਾਰ ਦੂਜੇ ਦਿਨ ਇਮੀਗ੍ਰੇਸ਼ਨ ਸੈਂਟਰਾਂ ‘ਤੇ ਹੋਈ ਫਾਇਰਿੰਗ ਨੇ ਪੁਲਿਸ ਲਈ ਚੁਣੌਤੀ ਖੜੀ ਕਰ ਦਿੱਤੀ ਹੈ।

















