ਗੁਰਦਾਸਪੁਰ–ਮੁਕੇਰੀਆਂ ਰੋਡ ‘ਤੇ ਗੰਨਿਆਂ ਨਾਲ ਭਰੀ ਟਰਾਲੀ ਪਲਟੀ, ਆਵਾਜਾਈ ਹੋਈ ਠੱਪ

ਗੁਰਦਾਸਪੁਰ–ਮੁਕੇਰੀਆਂ ਮੁੱਖ ਸੜਕ ‘ਤੇ ਪਿੰਡ ਚਾਵਾ ਨੇੜੇ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਗੰਨਿਆਂ ਨਾਲ ਭਰੀ ਇੱਕ ਟਰਾਲੀ ਅਚਾਨਕ ਪਲਟ ਗਈ। ਟਰਾਲੀ ਪਲਟਣ ਕਾਰਨ ਸੜਕ ‘ਤੇ ਗੰਨੇ ਬਿਖਰ ਗਏ, ਜਿਸ ਨਾਲ ਆਵਾਜਾਈ ਵਿੱਚ ਭਾਰੀ ਵਿਘਨ ਪੈ ਗਿਆ।

ਮੌਕੇ ‘ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸੜਕ ‘ਤੇ ਪਏ ਗੰਨੇ ਹਟਵਾਏ ਅਤੇ ਆਵਾਜਾਈ ਨੂੰ ਬਹਾਲ ਕਰਵਾਇਆ। ਜਾਣਕਾਰੀ ਦਿੰਦਿਆਂ ਟਰਾਲੀ ਦੇ ਡਰਾਈਵਰ ਬਲਬੀਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਭੂਮਲੀ ਤੋਂ ਗੰਨਾ ਲੱਦ ਕੇ ਮੁਕੇਰੀਆਂ ਸ਼ੂਗਰ ਮਿਲ ਵੱਲ ਜਾ ਰਿਹਾ ਸੀ। ਪਿੰਡ ਚਾਵਾ ਨੇੜੇ ਉਤਰਾਈ ਦੌਰਾਨ ਅਚਾਨਕ ਸੰਤੁਲਨ ਵਿਗੜ ਗਿਆ, ਜਿਸ ਕਾਰਨ ਟਰਾਲੀ ਪਲਟ ਗਈ। ਟਰਾਲੀ ਪਲਟਣ ਨਾਲ ਟਰੈਕਟਰ ਦੇ ਨੱਟ-ਬੋਲਟ ਵੀ ਟੁੱਟ ਗਏ। ਹਾਲਾਂਕਿ ਡਰਾਈਵਰ ਬਾਲ-ਬਾਲ ਬਚ ਗਿਆ ਪਰ ਆਰਥਿਕ ਨੁਕਸਾਨ ਹੋਇਆ ਹੈ ਅਤੇ ਲੇਬਰ ਦਾ ਖਰਚਾ ਵੀ ਦੂਣਾ ਪੈਣ ਦੀ ਸੰਭਾਵਨਾ ਹੈ।

ਉੱਥੇ ਹੀ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ ਸੀ। ਗੰਨੇ ਸੜਕ ‘ਤੇ ਬਿਖਰਨ ਕਾਰਨ ਕੁਝ ਸਮੇਂ ਲਈ ਆਵਾਜਾਈ ਪ੍ਰਭਾਵਿਤ ਹੋਈ ਸੀ, ਪਰ ਤੁਰੰਤ ਗੰਨੇ ਸਾਈਡ ‘ਤੇ ਕਰਵਾ ਕੇ ਟ੍ਰੈਫਿਕ ਚਲੂ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਹਾਈਡਰਾ ਮਸ਼ੀਨ ਮੰਗਵਾ ਕੇ ਟਰਾਲੀ ਨੂੰ ਸਿੱਧਾ ਕਰਵਾਇਆ ਜਾ ਰਿਹਾ ਹੈ।