ਗੁਰਦਾਸਪੁਰ, ਹਰਜਿੰਦਰ ਸਿੰਘ ਗੋਰਾਇਆ – ਵਿਧਾਨ ਸਭਾ ਹਲਕਾ ਦੀਨਾ ਨਗਰ ਅਧੀਨ ਪੁਰਾਣਾ ਸ਼ਾਲਾ ਪੁਲਿਸ ਸਟੇਸ਼ਨ ਦੇ ਚੌਂਕ ਵਿਚ ਇਕ ਸੁਨਿਆਰੇ ਦੀ ਦੁਕਾਨ ‘ਤੇ ਰਾਤ ਦੇ ਸਮੇਂ ਦਿਲ ਦਹਲਾਉਣ ਵਾਲੀ ਲੁੱਟ ਦੀ ਘਟਨਾ ਵਾਪਰੀ। ਚੋਰਾਂ ਨੇ ਦੁਕਾਨ ਦੇ ਚੌਂਕੀਦਾਰ ਦੀਆਂ ਬਾਹਾਂ ਬੰਨ ਕਰਕੇ ਗੱਟਰ ਵਰਗੇ ਟੋਏ ਵਿਚ ਸੁੱਟ ਦਿੱਤਾ ਅਤੇ ਦੁਕਾਨ ਦੇ ਤਾਲੇ ਤੋੜ ਕੇ 3.5 ਕਿੱਲੋ ਚਾਂਦੀ, 12 ਮੁੰਦਰੀਆਂ, 2.5 ਤੋਲੇ ਸੋਨਾ, ਬੱਚਿਆਂ ਦੀਆਂ 10 ਮੁੰਦਰੀਆਂ ਅਤੇ 23 ਹਜ਼ਾਰ ਰੁਪਏ ਨਗਦੀ ਚੋਰੀ ਕਰ ਲਈ।
ਦੁਕਾਨ ਮਾਲਕ ਵਿਨੋਦ ਕੁਮਾਰ ਦੇ ਪੁੱਤਰ ਸੁਰਿੰਦਰ ਨਾਥ ਨੇ ਦੱਸਿਆ ਕਿ ਉਹ ਰਾਤ 8 ਵਜੇ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ। ਤਕਰੀਬਨ ਰਾਤ 12 ਵਜੇ ਸਕਿਊਰਿਟੀ ਸੈਂਸਰ ਦਾ ਅਲਾਰਮ ਵੱਜਾ। ਜਦੋਂ ਉਹ ਨੇੜੇ ਗਏ, ਤਾਂ ਵੇਖਿਆ ਕਿ ਦੁਕਾਨ ਦੇ ਤਾਲੇ ਅਤੇ ਸ਼ੀਸ਼ੇ ਟੁੱਟੇ ਹੋਏ ਸਨ ਅਤੇ ਕੁਝ ਕੀਮਤੀ ਸਾਮਾਨ ਖਿਲਰਿਆ ਹੋਇਆ ਸੀ।
ਚੋਰ ਡੀ.ਵੀ.ਆਰ ਵੀ ਆਪਣੇ ਨਾਲ ਲੈ ਗਏ। ਚੌਂਕੀਦਾਰ ਨੂੰ ਗੱਟਰ ਵਿੱਚ ਬੰਦੀ ਬਣਾਇਆ ਗਿਆ। ਪੁਰਾਣਾ ਸ਼ਾਲਾ ਅੱਡੇ ਵਿੱਚ ਪਹਿਲਾਂ ਵੀ ਚੋਰੀਆਂ ਹੋਈਆਂ ਹਨ।
ਥਾਣਾ ਮੁਖੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਚੋਰਾਂ ਨੂੰ ਫੜਨ ਲਈ ਸੀਸੀਟੀਵੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਪੀੜਤਾਂ ਨੂੰ ਇਨਸਾਫ ਮਿਲੇਗਾ।
ਇਸ ਘਟਨਾ ਨੇ ਸਮੂਹ ਖੇਤਰ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਸੁਰੱਖਿਆ ਬਾਰੇ ਚਿੰਤਾ ਵਿੱਚ ਫਿਰ ਦਾਲ ਦਿੱਤਾ ਹੈ।

















