ਨਾਭਾ ਵਿਖੇ ਬੀਤੇ ਦਿਨੀਂ ਲੁੱਟਾਂ–ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਇੱਕ ਅੱਲੜ ਉਮਰ ਦੇ ਗਿਰੋਹ ਦਾ ਪਰਦਾਫਾਸ਼ ਹੋ ਗਿਆ। ਪੰਜ ਨੌਜਵਾਨ, ਜੋ ਇੱਕ ਰਾਹਗੀਰ ਓਮ ਲਕਸ਼ਮੀ ਨਰਾਇਣ ਨਾਲ ਲੁੱਟਪਾਟ ਕਰ ਰਹੇ ਸਨ, ਨੂੰ ਮੌਕੇ ‘ਤੇ ਇਕੱਠੇ ਹੋਏ ਲੋਕਾਂ ਨੇ ਘੇਰ ਲਿਆ। ਹੰਗਾਮੇ ਦੌਰਾਨ ਤਿੰਨ ਨੌਜਵਾਨ ਲੋਕਾਂ ਵੱਲੋਂ ਫੜੇ ਗਏ ਅਤੇ ਦੋ ਭੱਜਣ ਵਿੱਚ ਸਫਲ ਹੋ ਗਏ। ਇਹਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਨਾਭਾ ਦੇ ਡੀਐਸਪੀ ਗੁਰਿੰਦਰ ਸਿੰਘ ਬੱਲ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਗਿਰਫ਼ਤਾਰ ਨੌਜਵਾਨਾਂ ਦੀ ਉਮਰ ਬੀ ਤੋਂ ਭਾਈ ਸਾਲ ਦੇ ਵਿਚਕਾਰ ਹੈ ਅਤੇ ਇਹ ਆਪਣੇ ਸ਼ੌਂਕ ਪੂਰੇ ਕਰਨ ਲਈ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਦੇ ਸਨ। ਪੁਲਿਸ ਮੁਤਾਬਕ, ਤਿੰਨ ਨੌਜਵਾਨਾਂ ਦੀ ਪਹਿਚਾਣ ਅਰਮਾਨ, ਰਾਜਾ ਅਤੇ ਜਸ਼ਨਦੀਪ ਵਜੋਂ ਹੋਈ ਹੈ, ਜੋ ਸਾਰੇ ਕੁਲਾੜ ਮੰਡੀ, ਨਾਭਾ ਦੇ ਰਹਿਣ ਵਾਲੇ ਹਨ। ਦੋ ਹੋਰ ਸਾਥੀਆਂ ਦੀ ਭਾਲ ਜਾਰੀ ਹੈ।

ਡੀਐਸਪੀ ਨੇ ਦੱਸਿਆ ਕਿ ਲੋਕਾਂ ਵੱਲੋਂ ਸੂਚਨਾ ਮਿਲਣ ‘ਤੇ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਤਿੰਨੋਂ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਖ਼ਿਲਾਫ ਪਹਿਲਾਂ ਵੀ ਲੁੱਟਪਾਟ ਨਾਲ ਸੰਬੰਧਤ ਮਾਮਲੇ ਦਰਜ ਹਨ। ਪੁਲਿਸ ਵੱਲੋਂ ਗਿਰੋਹ ਦੇ ਬਾਕੀ ਦੋ ਨੌਜਵਾਨਾਂ ਦੀ ਤਲਾਸ਼ ਜਾਰੀ ਹੈ ਅਤੇ ਜਾਂਚ ਵਿੱਚ ਹੋਰ ਖੁਲਾਸਿਆਂ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।

















