ਧਰਮਸ਼ਾਲਾ ਵਿੱਚ ਲੜਕੀ ਦੀ ਰਹੱਸਮਈ ਮੌਤ, ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਟਰੈਕ ਤੋਂ ਲੜਕੇ ਦੀ ਲਾਸ਼ ਬਰਾਮਦ

ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਨੇੜੇ ਸਥਿਤ ਇੱਕ ਧਰਮਸ਼ਾਲਾ ਵਿੱਚ ਠਹਿਰੇ ਨੌਜਵਾਨ ਜੋੜੇ ਨਾਲ ਸੰਬੰਧਤ ਇੱਕ ਰਹੱਸਮਈ ਮਾਮਲਾ ਸਾਹਮਣੇ ਆਇਆ ਹੈ। ਧਰਮਸ਼ਾਲਾ ਦੇ ਕਮਰੇ ’ਚੋਂ ਇੱਕ ਨੌਜਵਾਨ ਲੜਕੀ ਦੀ ਮ੍ਰਿਤਕ ਬਾਡੀ ਮਿਲਣ ਤੋਂ ਬਾਅਦ, ਅੱਜ ਸਵੇਰੇ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਫਾਟਕ ਕੋਲੋਂ ਲੜਕੇ ਦੀ ਲਾਸ਼ ਵੀ ਬਰਾਮਦ ਹੋਈ ਹੈ। ਦੋਵੇਂ ਦੀ ਉਮਰ ਲਗਭਗ 18–20 ਅਠਾਰਾਂ ਤੋਂ ਬੀ ਸਾਲ ਦੱਸੀ ਜਾ ਰਹੀ ਹੈ।
ਥਾਣਾ ਸਿਵਿਲ ਲਾਈਨ ਦੇ ਮੁਖੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ ਦੇਰ ਸ਼ਾਮ ਧਰਮਸ਼ਾਲਾ ਵਿੱਚ ਲੜਕੀ ਦੀ ਮੌਤ ਦੀ ਸੂਚਨਾ ਪ੍ਰਾਪਤ ਹੋਈ ਸੀ। ਮੌਕੇ ’ਤੇ ਪਹੁੰਚੀ ਪੁਲਿਸ ਨੇ ਦੇਖਿਆ ਕਿ ਲੜਕੀ ਬੈੱਡ ’ਤੇ ਮ੍ਰਿਤਕ ਪਈ ਸੀ ਅਤੇ ਸ਼ੁਰੂਆਤੀ ਜਾਂਚ ਮੁਤਾਬਕ ਉਸਦੀ ਮੌਤ ਘੁੱਟਣ ਕਾਰਨ ਹੋਣ ਦਾ ਸ਼ਕ ਜ਼ਾਹਰ ਕੀਤਾ ਜਾ ਰਿਹਾ ਹੈ।

ਪੁਲਿਸ ਜਾਂਚ ਦੌਰਾਨ ਪਤਾ ਲੱਗਾ ਕਿ ਜੋੜਾ ਦੋ ਦਸੰਬਰ ਨੂੰ ਧਰਮਸ਼ਾਲਾ ਵਿੱਚ ਰੁਕਿਆ ਸੀ ਅਤੇ ਆਪਣੇ ਆਪ ਨੂੰ ਪਤੀ–ਪਤਨੀ ਦੱਸਿਆ ਸੀ। ਉਹ ਪੰਜ ਦਸੰਬਰ ਨੂੰ ਚਲੇ ਜਾਣਾ ਸੀ, ਪਰ ਟ੍ਰੇਨ ਰੱਦ ਹੋਣ ਦਾ ਬਹਾਨਾ ਬਣਾ ਕੇ ਹੋਰ ਰੁਕ ਗਏ। ਧਰਮਸ਼ਾਲਾ ਪ੍ਰਬੰਧਕ ਮੁਤਾਬਕ, ਲੜਕੇ ਨੇ ਦੱਸਿਆ ਕਿ ਉਹ ਸ਼ਾਮ ਸੱਤ ਵਜੇ ਏਟੀਐਮ ਤੋਂ ਪੈਸੇ ਕੱਢਣ ਗਿਆ ਹੈ, ਪਰ ਵਾਪਸ ਨਹੀਂ ਮੁੜਿਆ। ਕਮਰੇ ’ਚੋਂ ਕੋਈ ਹਿਲਜਲ ਨਾ ਹੋਣ ’ਤੇ ਪ੍ਰਬੰਧਨ ਨੇ ਦਰਵਾਜ਼ਾ ਤੋੜਿਆ, ਜਿਸ ਦੌਰਾਨ ਲੜਕੀ ਦੀ ਲਾਸ਼ ਬਰਾਮਦ ਹੋਈ।

ਇਸਦੇ ਨਾਲ ਹੀ, ਅੱਜ ਸਵੇਰੇ ਜੀਆਰਪੀ ਨੇ ਜੰਡਿਆਲਾ ਗੁਰੂ ਨੇੜੇ ਰੇਲਵੇ ਟਰੈਕ ਕੋਲੋਂ ਇੱਕ ਨੌਜਵਾਨ ਦੀ ਮ੍ਰਿਤ ਲਾਸ਼ ਮਿਲਣ ਦੀ ਪੁਸ਼ਟੀ ਕੀਤੀ। ਸ਼ਨਾਖਤ ਮਗਰੋਂ ਉਹੀ ਨਿਕਲਿਆ, ਜੋ ਲੜਕੀ ਨਾਲ ਧਰਮਸ਼ਾਲਾ ਵਿੱਚ ਠਹਿਰਿਆ ਹੋਇਆ ਸੀ। ਦੋਵੇਂ ਮਹਾਰਾਸ਼ਟਰ ਦੇ ਵਸਨੀਕ ਦੱਸੇ ਜਾ ਰਹੇ ਹਨ।
ਪੁਲਿਸ ਨੇ ਦੋਵੇਂ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਹੈ। ਮਾਮਲੇ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ ਤੇ ਪੁਲਿਸ ਵੱਲੋਂ ਕਈ ਸੰਭਾਵਿਤ ਕੋਣਾਂ ਤੋਂ ਤਫ਼ਤੀਸ਼ ਕੀਤੀ ਜਾ ਰਹੀ ਹੈ।
Star News Punjabi TV ਲਈ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀ ਪੁਰ ਦੀ ਰਿਪੋਰਟ