ਪਟਿਆਲਾ ਸ਼ਹਿਰ ਦੇ ਸ਼ੇਰਾਂ ਵਾਲੇ ਗੇਟ ਨੇੜੇ ਸਥਿਤ ਇੱਕ ਮਸ਼ਹੂਰ ਕੇਮਿਸਟ ਸ਼ਾਪ ‘ਤੇ ਇਨਕਮ ਟੈਕਸ ਵਿਭਾਗ ਨੇ ਰੇਡ ਮਾਰੀ। ਜਾਂਚ ਦੌਰਾਨ ਵਿਭਾਗ ਨੇ ਲਗਭਗ 32 ਤੋਂ 33 ਹਜ਼ਾਰ ਰੁਪਏ ਮੁੱਲ ਦੀਆਂ ਦਵਾਈਆਂ ਜ਼ਬਤ ਕੀਤੀਆਂ ਹਨ। ਵਿਭਾਗ ਮੁਤਾਬਕ, ਦਵਾਈਆਂ ਨੂੰ ਇਸ ਲਈ ਸੀਲ ਕੀਤਾ ਗਿਆ ਹੈ ਕਿਉਂਕਿ ਮੌਕੇ ‘ਤੇ ਉਹਨਾਂ ਦੇ ਬਿਲ ਉਪਲਬਧ ਨਹੀਂ ਸਨ।
ਇਨਕਮ ਟੈਕਸ ਅਫ਼ਸਰਾਂ ਦਾ ਕਹਿਣਾ ਹੈ ਕਿ ਜੇ ਦੁਕਾਨਦਾਰ ਅਗਲੇ ਤਿੰਨ ਦਿਨਾਂ ਵਿੱਚ ਇਹ ਦਵਾਈਆਂ ਦੇ ਬਿਲ ਪੇਸ਼ ਕਰ ਦਿੰਦਾ ਹੈ, ਤਾਂ ਸਮਾਨ ਨੂੰ 72 ਘੰਟਿਆਂ ਅੰਦਰ ਵਾਪਸ ਕਰ ਦਿੱਤਾ ਜਾਵੇਗਾ।
ਇਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਕੀ ਰੇਡ ਦੌਰਾਨ ਅਜਿਹੀ ਕੋਈ ਦਵਾਈ ਮਿਲੀ ਹੈ ਜੋ ਨਸ਼ੀਲੀ ਹੋ ਸਕਦੀ ਹੈ ਜਾਂ ਆਮ ਲੋਕਾਂ ਲਈ ਖਤਰਾ ਪੈਦਾ ਕਰ ਸਕਦੀ ਹੈ। ਪਰ ਦੁਕਾਨਦਾਰ ਨੇ ਇਸ ਦੀ ਸਖ਼ਤ ਨਕਾਰ ਕਰਦੇ ਹੋਏ ਕਿਹਾ ਕਿ ਸਾਰੀਆਂ ਦਵਾਈਆਂ ਰੋਜ਼ਾਨਾ ਵਰਤੋਂ ਵਾਲੀਆਂ ਰੂਟੀਨ ਦਵਾਈਆਂ ਹਨ।
ਦੁਕਾਨਦਾਰ ਮੁਤਾਬਕ, ਪਿਛਲੇ ਸੱਤ ਸਾਲਾਂ ਦੌਰਾਨ ਤਿੰਨ–ਚਾਰ ਵਾਰ ਰੂਟੀਨ ਚੈਕਿੰਗ ਹੋ ਚੁੱਕੀ ਹੈ, ਪਰ ਇਹ ਪਹਿਲੀ ਵਾਰ ਹੈ ਜਦੋਂ ਦਵਾਈਆਂ ਨੂੰ ਸੀਲ ਕੀਤਾ ਗਿਆ ਹੈ। ਫਿਲਹਾਲ ਇਨਕਮ ਟੈਕਸ ਵਿਭਾਗ ਨੇ ਬਿਲਾਂ ਦੀ ਜਾਂਚ ਲਈ ਦੁਕਾਨਦਾਰ ਨੂੰ ਤਿੰਨ ਦਿਨਾਂ ਦੀ ਮਿਯਾਦ ਦਿੱਤੀ ਹੈ।
















