ਗੋਰਾਇਆ ਹਾਈਵੇ ‘ਤੇ ਦੇਰ ਰਾਤ ਸੇਬਾਂ ਨਾਲ ਭਰਿਆ ਟਰੱਕ ਪਲਟਿਆ

ਜਲੰਧਰ-ਦਿੱਲੀ ਹਾਈਵੇ ‘ਤੇ ਗੋਰਾਇਆ ਦੇ ਕੋਲ ਦੇਰ ਰਾਤ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਕਾਰਨ ਨੇੜਲੇ ਲੋਕ ਡਰ ਕੇ ਬਾਹਰ ਨਿਕਲ ਆਏ। ਪਤਾ ਲੱਗਾ ਕਿ ਇੱਕ ਟਰੱਕ ਦਾ ਟਾਇਰ ਅਚਾਨਕ ਫਟ ਗਿਆ, ਜਿਸ ਨਾਲ ਟਰੱਕ ਕਾਬੂ ਤੋਂ ਬਾਹਰ ਹੋ ਕੇ ਸੜਕ ‘ਤੇ ਪਲਟ ਗਿਆ। ਰਾਤ ਕਰੀਬ 1 ਵਜੇ ਹਾਦਸੇ ਤੋਂ ਬਾਅਦ ਨੇੜਲੇ ਢਾਬੇ ਵਾਲੇ ਅਤੇ ਲੋਕ ਤੁਰੰਤ ਟਰੱਕ ਚਾਲਕ ਦੀ ਮਦਦ ਲਈ ਇਕੱਠੇ ਹੋ ਗਏ ਤੇ ਪੁਲਿਸ ਨੂੰ ਸੂਚਨਾ ਦਿੱਤੀ।

ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲੋਕਾਂ ਦੀ ਮਦਦ ਨਾਲ ਸੜਕ ‘ਤੇ ਬਿਖਰੀਆਂ ਸੇਬਾਂ ਦੀਆਂ ਪੇਟੀਆਂ ਹਟਵਾਈਆਂ। ਕਰੇਨ ਦੀ ਮਦਦ ਨਾਲ ਟਰੱਕ ਨੂੰ ਸਿੱਧਾ ਕੀਤਾ ਗਿਆ ਅਤੇ ਟਰੈਫਿਕ ਹੌਲੀ-ਹੌਲੀ ਸ਼ੁਰੂ ਕਰਵਾਇਆ ਗਿਆ। ਹਾਦਸੇ ਦੀ ਜਾਂਚ ਗੋਰਾਇਆ ਥਾਣੇ ਦੇ ਡਿਊਟੀ ਅਫਸਰ ਸੁਰਿੰਦਰ ਕੁਮਾਰ ਨੂੰ ਸੌਂਪੀ ਗਈ ਹੈ।

ਟਰੱਕ ਵਿੱਚ ਲਗਭਗ 500 ਪੇਟੀਆਂ ਸੇਬਾਂ ਦੀਆਂ ਭਰੀਆਂ ਹੋਈਆਂ ਸਨ, ਜਿਨ੍ਹਾਂ ਵਿੱਚੋਂ ਕਰੀਬ 150 ਪੇਟੀਆਂ ਸੜਕ ‘ਤੇ ਬਿਖਰ ਗਈਆਂ। ਕਈ ਪੇਟੀਆਂ ਫੱਟਣ ਕਾਰਨ ਸੇਬ ਵੀ ਇਧਰ-ਉਧਰ ਗਿਰੇ ਹੋਏ ਮਿਲੇ, ਪਰ ਕਿਸੇ ਨੇ ਵੀ ਕੋਈ ਲੁੱਟਪਾਟ ਨਹੀਂ ਕੀਤੀ। ਲੋਕਾਂ ਨੇ ਚਾਲਕ ਦਾ ਪੂਰਾ ਸਾਥ ਦਿੱਤਾ ਅਤੇ ਟਾਇਰ ਬਦਲਣ ਤੋਂ ਲੈਕੇ ਸੇਬਾਂ ਦੀਆਂ ਪੇਟੀਆਂ ਮੁੜ ਲਦਵਾਉਣ ਤੱਕ ਮਦਦ ਕੀਤੀ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਸਰੀ ਢਾਬੇ ਵੱਲੋਂ ਕਾਲ ਆਈ ਸੀ ਕਿ ਸੇਬਾਂ ਨਾਲ ਭਰਿਆ ਟਰੱਕ (JK-08-Q-8112) ਹਾਈਵੇ ‘ਤੇ ਪਲਟ ਗਿਆ ਹੈ ਅਤੇ ਟਰੈਫਿਕ ਰੁੱਕਿਆ ਹੋਇਆ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋ ਲੇਨਾਂ ਨੂੰ ਚਾਲੂ ਕਰ ਦਿੱਤਾ ਹੈ, ਜਦਕਿ ਇੱਕ ਲੇਨ ਦੀ ਸਫਾਈ ਜਾਰੀ ਹੈ। ਹਾਦਸਾ ਟਾਇਰ ਫਟਣ ਕਾਰਨ ਹੋਇਆ ਅਤੇ ਟਰੱਕ ਡਰਾਈਵਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਹ ਟਰੱਕ ਹਰਿਆਣਾ ਦੇ ਭਿਵਾਨੀ ਵੱਲ ਜਾ ਰਿਹਾ ਸੀ ਅਤੇ ਮਾਲਕ ਤੇ ਮੰਡੀ ਆੜਤੀਆਂ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ।