ਬਟਾਲਾ ਪੁਲਿਸ ਵੱਲੋਂ ਵੱਡੀ ਕਾਰਵਾਈ, ਨਸ਼ਾ ਤੇ ਅਸਲਾ ਸਮੇਤ 2 ਕਾਬੂ

ਬਟਾਲਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ…ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਵੱਡੀ ਸਫਲਤਾ ਪ੍ਰਾਪਤ ਕਰਦੇ ਹੋਏ ਨਸ਼ਾ ਅਤੇ ਅਸਲਾ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ।

ਐੱਸ.ਐੱਚ.ਓ ਹਰਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਸ.ਐੱਸ.ਪੀ ਸੁਹੇਲ ਕਾਸਿਮ ਮੀਰ ਅਤੇ ਡੀ.ਐੱਸ.ਪੀ ਸਿਟੀ ਸੰਜੀਵ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲਿਸ ਵੱਲੋਂ ਲਗਾਤਾਰ ਸਮਾਜ ਵਿਰੋਧੀ ਗਤੀਵਿਧੀਆਂ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ।
ਏ.ਐੱਸ.ਆਈ ਸੁਖਦੇਵ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਟੀ ਪੁਆਇੰਟ ਸਾਗਰਪੁਰਾ ’ਚੋਂ ਅਕਾਸ਼ਦੀਪ ਸਿੰਘ ਵਾਸੀ ਸੰਗਰਾਵਾ ਨੂੰ 10 ਗ੍ਰਾਮ ਹੈਰੋਇਨ ਸਮੇਤ ਗਿ੍ਰਫਤਾਰ ਕੀਤਾ। ਪੁਲਿਸ ਨੇ ਤੁਰੰਤ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

ਦੂਜੇ ਓਪਰੇਸ਼ਨ ਦੌਰਾਨ ਏ.ਐੱਸ.ਆਈ ਸੁਖਰਾਜ ਸਿੰਘ ਨੇ ਪੁਲਿਸ ਪਾਰਟੀ ਸਮੇਤ ਟੀ ਪੁਆਇੰਟ 60 ਫੁੱਟੀ ਸੜਕ, ਕਾਦੀਆਂ ਰੋਡ ਤੋਂ ਗੁਰਲਵ ਸਿੰਘ ਵਾਸੀ ਬਟਾਲਾ ਨੂੰ 2 ਪਿਸਟਲਾਂ, 2 ਮੈਗਜ਼ੀਨ ਅਤੇ 16 ਜਿੰਦਾ ਰੌਂਦਾਂ ਸਮੇਤ ਕਾਬੂ ਕੀਤਾ।
ਦੋਵੇਂ ਮਾਮਲਿਆਂ ’ਚ ਪੁਲਿਸ ਨੇ ਅਸਲਾ ਅਤੇ ਨਸ਼ਾ ਬਰਾਮਦ ਕਰਕੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰ ਦਿੱਤੇ ਹਨ। ਪੁਲਿਸ ਅਗਲੇ ਪੜਾਅ ’ਚ ਰਿਮਾਂਡ ਲੈ ਕੇ ਹੋਰ ਖੁਲਾਸਿਆਂ ਦੀ ਉਮੀਦ ਕਰ ਰਹੀ ਹੈ।
ਬਟਾਲਾ ਪੁਲਿਸ ਦੀ ਇਹ ਕਾਰਵਾਈ ਸ਼ਹਿਰ ਵਿੱਚ ਕਾਨੂੰਨ ਵਵਸਥਾ ਨੂੰ ਮਜ਼ਬੂਤ ਕਰਨ ਵੱਲ ਇਕ ਹੋਰ ਕਦਮ ਮੰਨੀ ਜਾ ਰਹੀ ਹੈ।