KBC ‘ਚ Diljit Dosanjh ਵੱਲੋਂ ਅਮਿਤਾਭ ਬਚਨ ਦੇ ਪੈਰ ਛੂਹਣ ‘ਤੇ ਵਿਵਾਦ, ਗੁਰਪਤਵੰਤ ਪੰਨੂ ਨੇ ਦਿੱਤੀ ਧਮਕੀ!

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਬੁੱਧਵਾਰ 29 ਅਕਤੂਬਰ 2025 ਨੂੰ ਧਮਕੀ ਦਿੱਤੀ ਹੈ। ਗੁਰਪਤਵੰਤ ਸਿੰਘ ਪੰਨੂ ਨੇ 1 ਨਵੰਬਰ ਨੂੰ ਆਸਟ੍ਰੇਲੀਆ ਵਿੱਚ ਗਾਇਕ ਦੇ ਹੋਣ ਵਾਲੇ ਸਮਾਰੋਹ ਨੂੰ ਬੰਦ ਕਰਨ ਦੀ ਧਮਕੀ ਵੀ ਦਿੱਤੀ ਹੈ। ਇਹ ਇਸ ਲਈ ਹੈ ਕਿਉਂਕਿ ਦਿਲਜੀਤ ਨੇ “ਕੌਣ ਬਨੇਗਾ ਕਰੋੜਪਤੀ 17” ਦੇ ਇੱਕ ਐਪੀਸੋਡ ਵਿੱਚ ਅਮਿਤਾਭ ਬੱਚਨ ਦੇ ਪੈਰ ਛੂਹੇ ਸਨ।

ਜਾਣਕਾਰੀ ਅਨੁਸਾਰ ਗੁਰਪਤਵੰਤ ਸਿੰਘ ਪੰਨੂ ਨੇ 1 ਨਵੰਬਰ ਨੂੰ ਆਸਟ੍ਰੇਲੀਆ ‘ਚ ਹੋਣ ਵਾਲੇ ਦਿਲਜੀਤ ਦੇ ਮਿਊਜ਼ਿਕ ਕੰਸਰਟ ਨੂੰ ਬੰਦ ਕਰਨ ਦੀ ਵੀ ਧਮਕੀ ਦਿੱਤੀ ਹੈ, ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਉਸ ਦਿਨ ਨੂੰ ਸਿੱਖ ਨਸਲਕੁਸ਼ੀ ਯਾਦਗਾਰੀ ਦਿਵਸ ਵਜੋਂ ਮਨਾਉਂਦਾ ਹੈ। ਸੰਗਠਨ ਦਾ ਇਹ ਫੈਸਲਾ ਅਮਿਤਾਭ ਬੱਚਨ ਦੇ ਪੈਰ ਛੂਹਣ ਤੋਂ ਕੁਝ ਦਿਨ ਬਾਅਦ ਆਇਆ ਹੈ, ਜਿਨ੍ਹਾਂ ‘ਤੇ SFJ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ “ਭੀੜ ਨੂੰ ਭੜਕਾਉਣ” ਦਾ ਆਰੋਪ ਲਗਾਇਆ ਸੀ।

ਦਿਲਜੀਤ ‘ਤੇ ਅਪਮਾਨ ਕਰਨ ਦਾ ਆਰੋਪ

ਗੁਰਪਤਵੰਤ ਨੇ ਕਿਹਾ ਕਿ ਅਮਿਤਾਭ ਬੱਚਨ ਦਾ ਸਨਮਾਨ ਕਰਕੇ ਦਿਲਜੀਤ ਨੇ “1984 ਦੇ ਸਿੱਖ ਕਤਲੇਆਮ ਦੇ ਹਰ ਪੀੜਤ, ਵਿਧਵਾ ਅਤੇ ਅਨਾਥ ਦਾ ਅਪਮਾਨ ਕੀਤਾ ਹੈ। ਸੰਗਠਨ ਦਾ ਦਾਅਵਾ ਹੈ ਕਿ ਅਮਿਤਾਭ ਨੇ 31 ਦਸੰਬਰ 1984 ਨੂੰ ਜਨਤਕ ਤੌਰ ‘ਤੇ ਭਾਰਤੀ ਭੀੜ ਨੂੰ ਭੜਕਾਇਆ ਸੀ ਅਤੇ “ਖੂਨ ਕਾ ਬਦਾਲਾ ਖੂਨ” ਵਰਗਾ ਨਸਲਕੁਸ਼ੀ ਨਾਅਰਾ ਲਗਾਇਆ ਸੀ , ਜਿਸ ਕਾਰਨ ਬਾਅਦ ਵਿੱਚ ਪੂਰੇ ਭਾਰਤ ਵਿੱਚ 30,000 ਤੋਂ ਵੱਧ ਸਿੱਖ ਮਰਦਾਂ, ਔਰਤਾਂ ਅਤੇ ਬੱਚਿਆਂ ਦੀ ਮੌਤ ਹੋ ਗਈ ਸੀ।

ਦਿਲਜੀਤ ਦੇ ਸੰਗੀਤ ਸਮਾਰੋਹ ਦਾ ਬਾਈਕਾਟ ਕਰਨ ਦੀ ਮੰਗ

ਸਿੱਖ ਫਾਰ ਜਸਟਿਸ ਨੇ ਦਿਲਜੀਤ ਦੇ ਸੰਗੀਤ ਸਮਾਰੋਹ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਹੈ, ਇਹ ਕਹਿੰਦੇ ਹੋਏ ਕਿ ਗਾਇਕ ਨੇ “ਯਾਦਗਾਰੀ ਦਿਵਸ ਦਾ ਮਜ਼ਾਕ ਉਡਾਇਆ ਹੈ।” ਇਸ ਲਈ ਦੁਨੀਆ ਭਰ ਦੇ ਸਿੱਖ ਸਮੂਹਾਂ ਅਤੇ ਕਲਾਕਾਰਾਂ ਨੂੰ ਉਸਦੇ ਸੰਗੀਤ ਸਮਾਰੋਹ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ। ਇਹ ਵੀ ਐਲਾਨ ਕੀਤਾ ਗਿਆ ਸੀ ਕਿ 1 ਨਵੰਬਰ ਨੂੰ ਉਸ ਸਥਾਨ ਦੇ ਬਾਹਰ ਇੱਕ ਰੈਲੀ ਕੀਤੀ ਜਾਵੇਗੀ ,ਜਿੱਥੇ ਇਹ ਸਮਾਗਮ ਹੋਵੇਗਾ ਅਤੇ ਉਸਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਇੱਕ ਪੱਤਰ ਲਿਖ ਕੇ ਦੋਸਾਂਝ ਨੂੰ ਤਲਬ ਕਰਨ ਅਤੇ ਉਸਦੇ ਕੰਮਾਂ ਲਈ ਸਪੱਸ਼ਟੀਕਰਨ ਦੇਣ ਦੀ ਬੇਨਤੀ ਕੀਤੀ ਹੈ।