Eastwood ਵਿਲੇਜ ਗੋਲੀਕਾਂਡ ‘ਚ ਵੱਡਾ ਖੁਲਾਸਾ: ਸਾਬਕਾ ਗਾਰਡ ਸੁੱਖਾ ਦੀ ਐਂਟਰੀ ਸੀ ਬੈਨ, ਛੇ ਲੋਕਾਂ ‘ਤੇ ਮਾਮਲਾ ਦਰਜ

Oplus_131072

ਫਗਵਾੜਾ (ਪੰਕਜ ਸੋਨੀ) – ਫਗਵਾੜਾ ਦੇ ਈਸਟਵੁਡ ਵਿਲੇਜ ‘ਚ ਐਤਵਾਰ ਸ਼ਾਮ ਹੋਈ ਫਾਇਰਿੰਗ ਮਾਮਲੇ ‘ਚ ਨਵਾਂ ਖੁਲਾਸਾ ਹੋਇਆ ਹੈ। ਮੁਲਜ਼ਮ ਸੁੱਖਾ, ਜੋ ਪਹਿਲਾਂ ਇੱਥੇ ਸਿਕਿਉਰਿਟੀ ਗਾਰਡ ਵਜੋਂ ਕੰਮ ਕਰਦਾ ਸੀ, ਉਸਦੀ ਐਂਟਰੀ ਕਾਲੋਨੀ ‘ਚ ਬੈਨ ਸੀ। ਛੇ ਮਹੀਨੇ ਪਹਿਲਾਂ ਨੌਕਰੀ ਤੋਂ ਕੱਢੇ ਜਾਣ ਦੀ ਰੰਜਿਸ਼ ‘ਚ ਉਸਨੇ ਸਾਥੀਆਂ ਨਾਲ ਮਿਲ ਕੇ ਹਮਲਾ ਕਰ ਦਿੱਤਾ।

Oplus_131072

ਐਸਪੀ ਫਗਵਾੜਾ ਮਾਧਵੀ ਸ਼ਰਮਾ ਨੇ ਦੱਸਿਆ ਕਿ ਸੁੱਖਾ ਵਾਸੀ ਪਿੰਡ ਤਲ੍ਹਣ ਤੇ ਉਸਦੇ 5 ਸਾਥੀਆਂ ਖ਼ਿਲਾਫ਼ ਧਾਰਾ 307 (ਕਤਲ ਦੀ ਕੋਸ਼ਿਸ਼), 323, 148, 149 ਤੇ 25-54-59 ਅਸਲਾ ਐਕਟ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ।

ਨੌਕਰੀ ਤੋਂ ਕੱਢੇ ਜਾਣ ਤੋਂ ਬਾਅਦ ਰੰਜਿਸ਼ ਪਾਲ ਰਿਹਾ ਸੀ ਸੁੱਖਾ
ਪਿੰਡ ਮਾਧੋਪੁਰ ਦੇ ਬੂਟਾ ਰਾਮ ਨੇ ਦੱਸਿਆ ਕਿ ਸੁੱਖਾ ਤਲ੍ਹਣ ਪਿੰਡ ਦਾ ਵਸਨੀਕ ਹੈ ਅਤੇ ਪਹਿਲਾਂ ਉਹ ਵੀ ਉਸਦੇ ਨਾਲ ਸਿਕਿਉਰਿਟੀ ਡਿਊਟੀ ਕਰਦਾ ਸੀ। ਛੇ ਮਹੀਨੇ ਪਹਿਲਾਂ ਡਿਊਟੀ ਦੌਰਾਨ ਝਗੜੇ ਕਰਨ ਕਰਕੇ ਉਸਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।

ਬੈਨ ਹੋਣ ਦੇ ਬਾਵਜੂਦ ਈਸਟਵੁਡ ਵਿਲੇਜ ‘ਚ ਦਾਖਲ ਹੋਇਆ
14 ਅਕਤੂਬਰ ਦੀ ਸ਼ਾਮ ਲਗਭਗ 6 ਵਜੇ ਸੁੱਖਾ ਵਿਲੇਜ ਵਿੱਚ ਦਾਖਲ ਹੋਇਆ। ਡਿਊਟੀ ‘ਤੇ ਮੌਜੂਦ ਬਾਊਂਸਰਾਂ ਨੇ ਉਸਨੂੰ ਰੋਕਿਆ ਤੇ ਕਿਹਾ ਕਿ ਉਸਦੀ ਐਂਟਰੀ ਬੰਦ ਹੈ, ਪਰ ਸੁੱਖਾ ਨਹੀਂ ਮੰਨਿਆ ਤੇ ਬਹਿਸ ਕਰਨ ਲੱਗ ਪਿਆ। ਜਦੋਂ ਭੀੜ ਵੱਧਣ ਲੱਗੀ ਤਾਂ ਟੀਮ ਦੇ ਲੋਕਾਂ ਨੇ ਉਸਨੂੰ ਸਾਈਕਲ ਸਟੈਂਡ ਵੱਲ ਲੈ ਜਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ।

ਸਿਕਿਉਰਿਟੀ ਗਾਰਡ ‘ਤੇ ਤੀਖੇ ਹਥਿਆਰਾਂ ਨਾਲ ਹਮਲਾ, ਗੋਲੀ ਵੀ ਚਲਾਈ
ਇਸ ਦੌਰਾਨ ਸੁੱਖਾ ਦੇ ਪਿੱਛੇ 5–6 ਲੋਕ ਤੀਖੇ ਹਥਿਆਰਾਂ ਨਾਲ ਪਹੁੰਚ ਗਏ ਅਤੇ ਅਚਾਨਕ ਗਾਰਡ ਸੰਦੀਪ ਕੁਮਾਰ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ਵਿੱਚੋਂ ਇੱਕ ਲੰਮੇ ਵਾਲਾਂ ਵਾਲੇ ਜਵਾਕ ਨੇ ਪਿਸਤੌਲ ਕੱਢ ਕੇ ਗੋਲੀ ਚਲਾ ਦਿੱਤੀ। ਗੋਲੀ ਸੰਦੀਪ ਦੇ ਮੋਬਾਈਲ ਨਾਲ ਟਕਰਾ ਕੇ ਉਸਦੇ ਪੇਟ ‘ਚ ਲੱਗੀ। ਹਮਲਾਵਰ ਸਫ਼ੈਦ ਰੰਗ ਦੀ I-20 (PB08 DY 8903) ‘ਚ ਸੁੱਖਾ ਨੂੰ ਨਾਲ ਲੈ ਕੇ ਫਰਾਰ ਹੋ ਗਏ।

ਜ਼ਖ਼ਮੀ ਦੀ ਹਾਲਤ ਗੰਭੀਰ, ਹਸਪਤਾਲ ‘ਚ ਇਲਾਜ ਜਾਰੀ
ਜ਼ਖ਼ਮੀ ਗਾਰਡ ਸੰਦੀਪ ਦੇ ਪਿਤਾ ਨੇ ਦੱਸਿਆ ਕਿ ਉਸਦਾ ਪੁੱਤਰ ਪਿਛਲੇ 4–5 ਸਾਲਾਂ ਤੋਂ ਈਸਟਵੁਡ ਵਿਲੇਜ ‘ਚ ਡਿਊਟੀ ਕਰ ਰਿਹਾ ਸੀ। ਹਮਲੇ ਦੌਰਾਨ ਉਸਦੇ ਸਿਰ ‘ਤੇ ਦਾਤਰ ਨਾਲ ਵਾਰ ਕੀਤਾ ਗਿਆ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਡਾਕਟਰਾਂ ਨੇ ਉਸਦਾ ਓਪਰੇਸ਼ਨ ਕੀਤਾ ਹੈ ਅਤੇ ਉਸਦਾ ਇਲਾਜ ਰਾਮਾਮੰਡੀ ਦੇ ਇਕ ਪ੍ਰਾਈਵੇਟ ਹਸਪਤਾਲ ‘ਚ ਚੱਲ ਰਿਹਾ ਹੈ।