ਕਰਵਾ ਚੌਥ ਦੀਆਂ ਤਿਆਰੀਆਂ ਨੂੰ ਲੈ ਕੇ ਔਰਤਾਂ ‘ਚ ਕਾਫੀ ਉਤਸ਼ਾਹ ਪਾਇਆ ਜਾਂਦਾ ਹੈ, ਇਸ ਦਿਨ ਔਰਤਾਂ ਅਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ ਪਰ ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਵਿੱਚ ਬੁੱਧਵਾਰ ਦੇਰ ਰਾਤ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ। ਜਾਣਕਾਰੀ ਅਨੁਸਾਰ ਕਰਵਾ ਚੌਥ ਦੇ 2 ਦਿਨ ਪਹਿਲਾਂ ਹੀ ਤਿਗਰਾ ਥਾਣਾ ਖੇਤਰ ਦੇ ਅਧੀਨ ਆਉਂਦੇ ਗਿਰਜਾ ਪਿੰਡ ਵਿੱਚ 15 ਬਦਮਾਸ਼ਾਂ ਨੇ ਇੱਕ ਗੁੱਜਰ ਪਰਿਵਾਰ ਦੇ ਘਰ ਹਮਲਾ ਬੋਲਿਆ। ਇਸ ਦੌਰਾਨ ਗੋਲੀਆਂ ਚਲਾਈਆਂ ਅਤੇ ਪਰਿਵਾਰ ਦੇ ਚਾਰ ਮੈਂਬਰਾਂ ‘ਤੇ ਹਮਲਾ ਕੀਤਾ। ਬਦਮਾਸ਼ਾਂ ਨੇ ਨੌਂ ਮਹੀਨਿਆਂ ਦੀ ਗਰਭਵਤੀ ਨੂੰਹ ਅੰਨੂ ਨੂੰ ਅਗਵਾ ਕਰ ਲਿਆ। ਅੰਨੂ ਦਾ ਪਤੀ ਗਿਰੀਰਾਜ ਘਟਨਾ ਸਮੇਂ ਮੌਜੂਦ ਨਹੀਂ ਸੀ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
ਪ੍ਰੇਮ ਸਬੰਧ ਕਾਰਨ ਬਣ ਗਿਆ
ਪੁਲਸ ਜਾਂਚ ਤੋਂ ਪਤਾ ਲੱਗਾ ਕਿ ਅੰਨੂ ਅਤੇ ਯੋਗੇਂਦਰ ਪ੍ਰੇਮ ਸਬੰਧਾਂ ਵਿੱਚ ਸਨ, ਪਰ ਕਿਸੇ ਕਾਰਨ ਕਰਕੇ ਉਨ੍ਹਾਂ ਦਾ ਵਿਆਹ ਨਹੀਂ ਹੋ ਸਕਿਆ। ਯੋਗੇਂਦਰ ਲੰਬੇ ਸਮੇਂ ਤੋਂ ਅੰਨੂ ਨੂੰ ਆਪਣੇ ਨਾਲ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਕਰਵਾ ਚੌਥ ਤੋਂ ਸਿਰਫ਼ ਦੋ ਦਿਨ ਪਹਿਲਾਂ, ਉਸਨੇ ਅਤੇ ਉਸਦੇ ਸਾਥੀਆਂ ਨੇ ਇਸ ਅਪਰਾਧ ਨੂੰ ਅੰਜਾਮ ਦਿੱਤਾ। ਗਿਰੀਰਾਜ ਉਸ ਸਮੇਂ ਕਰਵਾ ਚੌਥ ਦੀ ਤਿਆਰੀ ਵਿੱਚ ਰੁੱਝਿਆ ਹੋਇਆ ਸੀ।
ਮਾਮਲਾ ਕੀ ਸੀ?
ਪੁਲਸ ਦੇ ਅਨੁਸਾਰ ਗਿਰਜਾ ਪਿੰਡ ਦੇ ਰਹਿਣ ਵਾਲੇ ਗਿਰੀਰਾਜ ਗੁਰਜਰ ਨੇ ਡੇਢ ਸਾਲ ਪਹਿਲਾਂ ਸ਼ਿਓਪੁਰ ਜ਼ਿਲ੍ਹੇ ਦੇ ਸੇਸਾਈਪੁਰਾ ਪਿੰਡ ਦੀ ਰਹਿਣ ਵਾਲੀ ਅੰਨੂ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਤੋਂ ਹੀ ਮੋਰੇਨਾ ਜ਼ਿਲ੍ਹੇ ਦੇ ਤਿਲੌਂਡਾ ਪਿੰਡ ਦਾ ਰਹਿਣ ਵਾਲਾ ਯੋਗੇਂਦਰ ਉਰਫ ਯੋਗੀ ਗਿਰੀਰਾਜ ਨੂੰ ਧਮਕੀਆਂ ਦੇ ਰਿਹਾ ਸੀ। ਬੁੱਧਵਾਰ ਰਾਤ ਨੂੰ ਯੋਗੇਂਦਰ ਆਪਣੇ ਸਾਥੀਆਂ ਕੱਲੀ ਉਰਫ਼ ਕਿਲੇਦਾਰ, ਡੀਪੀ, ਤਹਿਸੀਲ, ਸ਼ੇਰੂ, ਭੋਲਾ, ਬਿੱਜੀ, ਸਤਿਆਵੀਰ, ਪ੍ਰਦੀਪ ਅਤੇ ਹੋਰਾਂ ਨਾਲ ਗਿਰੀਰਾਜ ਦੇ ਘਰ ਲਗਭਗ 15 ਲੋਕਾਂ ਨਾਲ ਪਹੁੰਚਿਆ।
ਪੁਲਸ ਨੇ ਕਾਰਵਾਈ ਕੀਤੀ ਸ਼ੁਰੂ
ਪੁਲਸ ਨੇ ਗਿਰੀਰਾਜ ਦੀ ਸ਼ਿਕਾਇਤ ਦੇ ਆਧਾਰ ‘ਤੇ ਯੋਗੇਂਦਰ ਅਤੇ ਉਸਦੇ ਸਾਥੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਸ ਅਨੁਸਾਰ ਦੋਸ਼ੀਆਂ ਵਿਰੁੱਧ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਗਰਭਵਤੀ ਔਰਤ ਨੂੰ ਸੁਰੱਖਿਅਤ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜ਼ਖਮੀਆਂ ਨੂੰ ਜੈਰੋਗਿਆ ਹਸਪਤਾਲ (JAH) ‘ਚ ਦਾਖਲ ਕਰਵਾਇਆ
ਗਿਰੀਰਾਜ ਦੇ ਪਿਤਾ ਬ੍ਰਜਲਾਲ ਨੇ ਕਿਹਾ ਕਿ ਉਨ੍ਹਾਂ ਦੀ ਨੂੰਹ, ਅੰਨੂ ਨੌਂ ਮਹੀਨਿਆਂ ਦੀ ਗਰਭਵਤੀ ਹੈ ਅਤੇ ਇਸ ਮਹੀਨੇ ਬੱਚੇ ਦੀ ਉਮੀਦ ਕਰ ਰਹੀ ਸੀ। ਉਨ੍ਹਾਂ ਕਿਹਾ, “ਦੁਸ਼ਮਣਾਂ ਨੇ ਮੈਨੂੰ, ਮੇਰੀ ਪਤਨੀ, ਮਾਂ ਅਤੇ ਭਰਾ ਨੂੰ ਬੇਰਹਿਮੀ ਨਾਲ ਕੁੱਟਿਆ ਅਤੇ ਮੇਰੀ ਨੂੰਹ ਨੂੰ ਚੁੱਕ ਕੇ ਲੈ ਗਏ।” ਜ਼ਖਮੀਆਂ ਨੂੰ ਜੈਰੋਗਿਆ ਹਸਪਤਾਲ (JAH) ਵਿੱਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਅਨੁਸਾਰ, ਕਿਸੇ ਨੂੰ ਵੀ ਗੋਲੀ ਨਹੀਂ ਲੱਗੀ, ਪਰ ਰਾਮੇਸ਼ਵਰ ਦੀ ਹਾਲਤ ਗੰਭੀਰ ਬਣੀ ਹੋਈ ਹੈ।

















