ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ 11 ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਨ ਤੋਂ ਬਾਅਦ ਦੇਹਾਂਤ ਹੋ ਗਿਆ ਹੈ। 35 ਸਾਲਾ ਪੰਜਾਬੀ ਗਾਇਕ ਨੂੰ ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਇੱਕ ਮੋਟਰਸਾਈਕਲ ਹਾਦਸੇ ਵਿੱਚ ਸਿਰ ਅਤੇ ਰੀੜ੍ਹ ਦੀ ਹੱਡੀ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ।
ਫੋਰਟਿਸ ਹਸਪਤਾਲ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਸ਼ਿਮਲਾ ਜਾਂਦੇ ਸਮੇਂ ਬੱਦੀ ਖੇਤਰ ਵਿੱਚ ਆਪਣੇ ਮੋਟਰਸਾਈਕਲ ਤੋਂ ਕੰਟਰੋਲ ਗੁਆਉਣ ਤੋਂ ਬਾਅਦ ਜਵੰਦਾ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ “ਬਹੁਤ ਹੀ ਨਾਜ਼ੁਕ” ਹਾਲਤ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸਦੀਆਂ ਸੱਟਾਂ ਦੀ ਗੰਭੀਰਤਾ ਦੇ ਕਾਰਨ ਉਸਨੂੰ ਤੁਰੰਤ ਵੈਂਟੀਲੇਟਰ ਸਹਾਇਤਾ ‘ਤੇ ਰੱਖਿਆ ਗਿਆ ਸੀ। ਪਰ ਅੱਜ ਜਵੰਦਾ ਜ਼ਿੰਦਗੀ ਦੀ ਜੰਗ ਹਾਰ ਗਿਆ
ਉਨ੍ਹਾਂ ਦੇ ਚਲੇ ਜਾਣ ‘ਤੇ ਪੰਜਾਬ ਦੀਆਂ ਸਮੂਹ ਰਾਜਨੀਤਕ, ਸਮਾਜਿਕ ਤੇ ਸੰਗੀਤ ਜਗਤ ਦੀਆਂ ਸ਼ਖਸੀਅਤਾਂ ਦੁੱਖ ਪ੍ਰਗਟ ਕਰ ਰਹੀਆਂ ਹਨ। ਅਦਾਕਾਰ ਗੁਰਪ੍ਰੀਤ ਘੁੱਗੀ, ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਜਸਬੀਰ ਜੱਸੀ ਨੇ ਉਨ੍ਹਾਂ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਦੀ ਪੋਸਟ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ, ਜਿਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਲਿਖਿਆ ਮੌਤ ਕੁਲਿਹਣੀ ਜਿੱਤ ਗਈ, ਜਵੰਦਾ ਹਾਰ ਗਿਆ, ਕਿਵੇਂ ਭੁਲਾਂਗੇ ਤੈਨੂੰ ਨਿੱਕੇ ਵੀਰ …ਦੱਸ ਦੇਈਏ ਕਿ ਕਲਾਕਾਰ ਦੀ ਪੋਸਟ ਉੱਪਰ ਪ੍ਰਸ਼ੰਸਕਾਂ ਦੇ ਕਮੈਂਟਾਂ ਦਾ ਹੜ੍ਹ ਆ ਗਿਆ ਹੈ।
ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ਘੁੱਗੀ ਭਾਜੀ ਇਸ ਵੀਰ ਨੇ ਹੀ ਗਾਇਆ ਸੀ, ( ਬੰੰਦੇ ਟਾਂਵੇਂ – ਟਾਂਵੇਂ ਲੇਖਾਂ ਨੂੰ ਹਰਾਉਂਦੇ ਹੁੰਦੇ ਆ) ਪਰ ਅੱਜ ਮੌਤ ਇਹਨੂੰ ਹਰਾ ਕੇ ਚਲੀ ਗਈ…
ਦਸ ਦਈਏ ਕਿ ਰਾਜਵੀਰ ਜਵੰਦਾ ਆਪਣੇ 4 ਹੋਰ ਦੋਸਤਾਂ ਦੇ ਨਾਲ ਬਾਈਕ ਰਾਈਡ ’ਤੇ ਜਾ ਰਹੇ ਸਨ। ਇਸ ਦੌਰਾਨ ਅਚਾਨਕ ਰਾਹ ਵਿੱਚ ਆਪਸ ਵਿੱਚ ਭਿੜਦੇ ਹੋਏ ਪਸ਼ੂ ਆ ਗਏ, ਜਿਸ ਕਾਰਨ ਉਨ੍ਹਾਂ ਦੀ ਬਾਈਕ ਬੇਕਾਬੂ ਹੋ ਗਈ ਅਤੇ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਸੜਕ ਨਾਲ ਸਿਰ ਲੱਗਣ ਕਾਰਨ ਉਨ੍ਹਾਂ ਨੂੰ ਗੰਭੀਰ ਸੱਟ ਲੱਗ ਗਈ। ਮੋਹਾਲੀ ਲਿਆਂਦੇ ਜਾਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਕਾਰਡਿਕ ਅਰੈਸਟ ਵੀ ਆਇਆ ਸੀ।

















