ਮੇਅਰ ਦੀ ਗੁਮਸ਼ੁਦਗੀ ਦੇ ਲੱਗੇ ਪੋਸਟਰ ਸਿਆਸਤ ‘ਚ ਹੰਗਾਮਾ

ਮੇਅਰ ਦੀ ਗੁਮਸ਼ੁਦਗੀ ਦੇ ਲੱਗੇ ਪੋਸਟਰ ਸਿਆਸਤ ‘ਚ ਹੰਗਾਮਾ

ਅੰਮ੍ਰਿਤਸਰ ਦੀ ਸਿਆਸਤ ‘ਚ ਭੜਕੀ ਅੱਗ: ਮੇਅਰ ਦੀ ਗੁਮਸ਼ੁਦਗੀ ਦੇ ਪੋਸਟਰਾਂ ਨਾਲ ਸ਼ਹਿਰ ‘ਚ ਹੰਗਾਮਾ, ਯੂਥ ਕਾਂਗਰਸ ਦਾ ਧਮਾਕੇਦਾਰ ਵਿਰੋਧ – “ਸਮਾਰਟ ਸਿਟੀ ਤੋਂ ਕੂੜੇ ਦਾ ਢੇਰ ਸਿਟੀ” ਬਣਿਆ ਅੰਮ੍ਰਿਤਸਰ, ਲੋਕਾਂ ਦੇ ਧੀਰਜ ਦਾ ਇਮਤਿਹਾਨ, ਮੇਅਰ ਨੇ ਕਿਹਾ- “ਥੋੜਾ ਸਮਾਂ ਦਿਓ”

ਅੰਮ੍ਰਿਤਸਰ – ਵੀਰਵਾਰ ਨੂੰ ਅੰਮ੍ਰਿਤਸਰ ਦੀ ਰਾਜਨੀਤੀ ਉਸ ਵੇਲੇ ਗਰਮਾ ਗਈ ਜਦੋਂ ਯੂਥ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਰਾਹੁਲ ਸ਼ਰਮਾ ਨੇ ਵੱਖ-ਵੱਖ ਇਲਾਕਿਆਂ ਵਿੱਚ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਦੇ ਗੁਮਸ਼ੁਦਗੀ ਦੇ ਪੋਸਟਰ ਲਗਾ ਕੇ ਇਕ ਵੱਡਾ ਹੰਗਾਮਾ ਖੜ੍ਹਾ ਕਰ ਦਿੱਤਾ। ਸ਼ਹਿਰ ਦੇ ਲੋਕਾਂ ਵਿੱਚ ਇਹ ਪੋਸਟਰ ਵੇਖ ਕੇ ਚਰਚਾਵਾਂ ਸ਼ੁਰੂ ਹੋ ਗਈਆਂ ਤੇ ਮੇਅਰ ਖ਼ਿਲਾਫ਼ ਵਿਰੋਧ ਹੋਰ ਤਿੱਖਾ ਹੋ ਗਿਆ।

ਰਾਹੁਲ ਸ਼ਰਮਾ ਨੇ ਸਿੱਧੇ ਸ਼ਬਦਾਂ ਵਿੱਚ ਮੇਅਰ ਉੱਤੇ ਗੰਭੀਰ ਇਲਜ਼ਾਮ ਲਗਾਉਂਦੇ ਕਿਹਾ ਕਿ –

“ਮੇਅਰ ਦਾ ਕੰਮ ਕੂੜਾ ਸਾਫ਼ ਕਰਵਾਉਣਾ ਹੈ, ਪਰ ਅੰਮ੍ਰਿਤਸਰ ਅੱਜ ਕੂੜੇ ਦੇ ਢੇਰਾਂ ਹੇਠ ਦਬ ਗਿਆ ਹੈ।”

ਹਰ ਮੋੜ ਤੇ ਹਰ ਗਲੀ ਵਿਚ ਕੂੜੇ ਦੇ ਪਹਾੜ ਲੱਗੇ ਹੋਏ ਹਨ, ਜਿਸ ਨਾਲ ਸ਼ਹਿਰ ਦੀ ਸੋਭਾ ਤਾਂ ਮੱਟੀ ‘ਚ ਮਿਲੀ ਹੀ ਹੈ, ਉਲਟ ਲੋਕਾਂ ਦੀ ਸਿਹਤ ਨਾਲ ਵੀ ਖਿਲਵਾਰ ਹੋ ਰਿਹਾ ਹੈ।

ਸਮਾਰਟ ਸਿਟੀ ਪ੍ਰਾਜੈਕਟ ‘ਤੇ ਖਰਚ ਹੋਏ ਕਰੋੜਾਂ ਰੁਪਏ ਅੱਜ ਮਜ਼ਾਕ ਬਣ ਕੇ ਰਹਿ ਗਏ ਹਨ।

ਰਾਹੁਲ ਸ਼ਰਮਾ ਨੇ ਖੁਲਾਸਾ ਕੀਤਾ ਕਿ – “ਮੇਅਰ ਨੇ ਆਪਣੀ ਕੁਰਸੀ ਬਚਾਉਣ ਲਈ ਕੌਂਸਲਰਾਂ ਨੂੰ ਧਮਕਾਇਆ ਹੈ, ਲੋਕਾਂ ਦੀਆਂ ਮੁਸ਼ਕਲਾਂ ਉਸ ਲਈ ਕੋਈ ਮਾਇਨੇ ਨਹੀਂ ਰੱਖਦੀਆਂ।”

ਵਿਰੋਧ ਦੀ ਸ਼ੁਰੂਆਤ ਰਾਹੁਲ ਸ਼ਰਮਾ ਨੇ ਵਿਧਾਇਕ ਜਸਬੀਰ ਸੰਧੂ ਦੇ ਘਰ ਤੋਂ ਕੇਵਲ 100 ਮੀਟਰ ਦੂਰ ਪਏ ਕੂੜੇ ਦੇ ਢੇਰ ਨਾਲ ਕੀਤੀ, ਤਾਂ ਜੋ ਲੋਕਾਂ ਨੂੰ ਸਿੱਧਾ ਦਿਖਾਇਆ ਜਾ ਸਕੇ ਕਿ ਹਕੀਕਤ ਕੀ ਹੈ। ਉਸਨੇ ਐਲਾਨ ਕੀਤਾ ਕਿ –
ਇਹ ਮੁਹਿੰਮ ਹੁਣ ਸ਼ਹਿਰ ਦੇ ਹਰ ਕੋਨੇ ਵਿੱਚ ਚਲਾਈ ਜਾਵੇਗੀ।
ਜੇਕਰ ਸਫਾਈ ਪ੍ਰਬੰਧ ਨਾ ਸੁਧਰੇ, ਤਾਂ ਇਹ ਵਿਰੋਧ ਹੋਰ ਭਿਆਨਕ ਰੂਪ ਧਾਰਨ ਕਰੇਗਾ।
ਅੰਮ੍ਰਿਤਸਰ ਦੀ ਸੁੰਦਰਤਾ ਤੇ ਲੋਕਾਂ ਦੀ ਸਿਹਤ ਨਾਲ ਖੇਡ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਮੇਅਰ ਦਾ ਬਚਾਅ – “ਕੰਪਨੀ ਭੱਜ ਗਈ, ਅਗਲੇ 2–3 ਦਿਨਾਂ ਵਿੱਚ ਹਟ ਜਾਵੇਗਾ ਸਾਰਾ ਕੂੜਾ”

ਪੋਸਟਰਾਂ ਤੇ ਇਲਜ਼ਾਮਾਂ ਦੇ ਬਾਅਦ ਮੇਅਰ ਮੋਤੀ ਭਾਟੀਆ ਵੀ ਸਾਹਮਣੇ ਆਏ। ਉਨ੍ਹਾਂ ਨੇ ਕਿਹਾ –

“ਜਿਸ ਪ੍ਰਾਈਵੇਟ ਕੰਪਨੀ ਨਾਲ ਸਫਾਈ ਦਾ ਕਾਂਟ੍ਰੈਕਟ ਸੀ, ਉਹ ਅਚਾਨਕ ਕੰਮ ਛੱਡ ਕੇ ਭੱਜ ਗਈ। ਇਸ ਕਰਕੇ ਸਮੱਸਿਆ ਪੈਦਾ ਹੋਈ ਹੈ।”

“ਨਗਰ ਨਿਗਮ ਦੀ ਟੀਮ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਲੋਕਾਂ ਨੂੰ ਵੱਧ ਪਰੇਸ਼ਾਨੀ ਨਾ ਆਵੇ।”

“ਅਗਲੇ ਦੋ–ਤਿੰਨ ਦਿਨਾਂ ਵਿੱਚ ਸ਼ਹਿਰ ਦਾ ਸਾਰਾ ਕੂੜਾ ਹਟਾ ਦਿੱਤਾ ਜਾਵੇਗਾ ਤੇ ਸਫਾਈ ਪ੍ਰਬੰਧ ਮੁੜ ਨਾਰਮਲ ਹੋ ਜਾਣਗੇ।”

ਮੇਅਰ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਅਤੇ ਅਪੀਲ ਕੀਤੀ ਕਿ “ਥੋੜਾ ਸਮਾਂ ਦਿਓ, ਹਾਲਾਤ ਜਲਦੀ ਸੁਧਰ ਜਾਣਗੇ।”

ਇੱਕ ਪਾਸੇ ਯੂਥ ਕਾਂਗਰਸ ਨੇ ਮੇਅਰ ਦੀ ਗੈਰਹਾਜ਼ਰੀ ‘ਤੇ ਸਵਾਲ ਖੜ੍ਹੇ ਕਰਕੇ ਪੋਸਟਰਾਂ ਰਾਹੀਂ ਸਿਆਸੀ ਹਮਲਾ ਬੋਲਿਆ ਹੈ, ਤਾਂ ਦੂਜੇ ਪਾਸੇ ਮੇਅਰ ਨੇ ਹਾਲਾਤ ਸੁਧਾਰਨ ਦਾ ਭਰੋਸਾ ਦਿੱਤਾ ਹੈ। ਹੁਣ ਦੇਖਣਾ ਇਹ ਰਹੇਗਾ ਕਿ ਅੰਮ੍ਰਿਤਸਰ ਦੀਆਂ ਗਲੀਆਂ ਵਿੱਚ ਪਿਆ ਕੂੜਾ ਕਦੋਂ ਹਟਦਾ ਹੈ – ਅਤੇ ਕੀ ਇਹ ਜੰਗ ਪੋਸਟਰਾਂ ਤੋਂ ਪਾਲਿਸੀਆਂ ਤੱਕ ਪਹੁੰਚਦੀ ਹੈ ਜਾਂ ਨਹੀਂ।