ਜਲੰਧਰ ਦੀਆਂ 10 ਪੰਚਾਇਤਾਂ ਦਾ ਵੱਡਾ ਫ਼ੈਸਲਾ – ਪ੍ਰਵਾਸੀਆਂ ਦਾ ਬਹਿਸਕਾਰ, ਆਧਾਰ ਤੇ ਵੋਟਰ ਕਾਰਡ ਰੱਦ ਕਰਨ ਦੀ ਗੱਲ

ਜਲੰਧਰ (ਪੰਕਜ ਸੋਨੀ):ਜਲੰਧਰ ਜ਼ਿਲ੍ਹੇ ਦੇ ਆਦਮਪੁਰ ਨੇੜਲੇ ਪਿੰਡ ਡਰੋਲੀ ਕਲਾਂ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਇਲਾਕੇ ਦੀਆਂ ਕਈ ਪੰਚਾਇਤਾਂ ਦੀ ਐਮਰਜੈਂਸੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਲਗਭਗ 10 ਪਿੰਡਾਂ ਦੀਆਂ ਪੰਚਾਇਤਾਂ ਨੇ ਹਿੱਸਾ ਲਿਆ ਅਤੇ ਸਰਵਸੰਮਤੀ ਨਾਲ ਕਈ ਵੱਡੇ ਫ਼ੈਸਲੇ ਕੀਤੇ।

ਪੰਚਾਇਤਾਂ ਨੇ ਸਪਸ਼ਟ ਕੀਤਾ ਕਿ ਹੁਣ ਪ੍ਰਵਾਸੀਆਂ ਦੇ ਆਧਾਰ ਕਾਰਡ ਜਾਂ ਵੋਟਰ ਕਾਰਡ ਨਹੀਂ ਬਣਾਏ ਜਾਣਗੇ। ਜਿਨ੍ਹਾਂ ਪ੍ਰਵਾਸੀਆਂ ਦੇ ਵੋਟ ਪਹਿਲਾਂ ਹੀ ਬਣੇ ਹੋਏ ਹਨ, ਉਹ ਵੀ ਰੱਦ ਕੀਤੇ ਜਾਣਗੇ। ਨਾਲ ਹੀ ਇਹ ਵੀ ਤੈਅ ਕੀਤਾ ਗਿਆ ਕਿ ਰਾਤ ਦੇ ਸਮੇਂ ਕੋਈ ਵੀ ਪ੍ਰਵਾਸੀ ਪਿੰਡ ਵਿੱਚ ਜਾਂ ਚੌਕ-ਚੌਰਾਹਿਆਂ ’ਤੇ ਨਹੀਂ ਘੁੰਮੇਗਾ।

ਤਿਉਹਾਰਾਂ ਲਈ ਨਹੀਂ ਮਿਲੇਗਾ ਸਹਿਯੋਗ

ਪੰਚਾਇਤਾਂ ਨੇ ਇਹ ਵੀ ਫ਼ੈਸਲਾ ਕੀਤਾ ਕਿ ਪ੍ਰਵਾਸੀਆਂ ਨੂੰ ਕਿਸੇ ਵੀ ਤਿਉਹਾਰ ਵਿੱਚ ਨਾ ਮਦਦ ਦਿੱਤੀ ਜਾਵੇਗੀ ਤੇ ਨਾ ਹੀ ਸਹਿਯੋਗ। ਪਿੰਡ ਵਾਸੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਕੋਈ ਵੀ ਆਪਣੀ ਜਾਇਦਾਦ ਜਾਂ ਘਰ ਪ੍ਰਵਾਸੀਆਂ ਨੂੰ ਨਾ ਵੇਚੇ। ਜੇ ਕੋਈ ਵਿਅਕਤੀ ਐਸਾ ਕਰਦਾ ਹੈ ਤਾਂ ਉਸਦੀ ਜ਼ਿੰਮੇਵਾਰੀ ਉਸਦੀ ਆਪਣੀ ਹੋਵੇਗੀ।

ਵੱਡੀ ਮੀਟਿੰਗ ਦੀ ਘੋਸ਼ਣਾ

ਇਸ ਮੌਕੇ ਜਥੇਦਾਰ ਮਨੋਹਰ ਸਿੰਘ ਨੇ ਐਲਾਨ ਕੀਤਾ ਕਿ ਜਲਦ ਹੀ 25 ਤੋਂ 30 ਪਿੰਡਾਂ ਦੀ ਵੱਡੀ ਮੀਟਿੰਗ ਬੁਲਾਈ ਜਾਵੇਗੀ ਜਿਸ ਵਿੱਚ ਪ੍ਰਵਾਸੀ ਮਜ਼ਦੂਰਾਂ ਨਾਲ ਸੰਬੰਧਤ ਮਾਮਲਿਆਂ ’ਤੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।

ਹੋਸ਼ਿਆਰਪੁਰ ਘਟਨਾ ਤੋਂ ਬਾਅਦ ਵਧਿਆ ਗੁੱਸਾ

ਗੌਰਤਲਬ ਹੈ ਕਿ ਹੋਸ਼ਿਆਰਪੁਰ ਵਿੱਚ 5 ਸਾਲਾ ਬੱਚੇ ਦੇ ਅਪਹਰਣ ਅਤੇ ਹੱਤਿਆ ਤੋਂ ਬਾਅਦ ਪੂਰੇ ਪੰਜਾਬ ਵਿੱਚ ਪ੍ਰਵਾਸੀਆਂ ਵਿਰੁੱਧ ਰੋਸ ਵਧ ਗਿਆ ਹੈ। ਇਸੀ ਕਾਰਨ ਕਈ ਪਿੰਡਾਂ ਦੀਆਂ ਪੰਚਾਇਤਾਂ ਪ੍ਰਵਾਸੀਆਂ ਨੂੰ ਇਲਾਕੇ ਤੋਂ ਕੱਢਣ ਲਈ ਸਰਗਰਮ ਕਦਮ ਚੁੱਕ ਰਹੀਆਂ ਹਨ।