500 ਰੁਪਏ ਜਮ੍ਹਾਂ ਕਰਕੇ ਬਣਿਆ ਕਰੋੜਪਤੀ, ਚੜ੍ਹਿਆ ਪੁਲਿਸ ਦੇ ਹੱਥ

ਉੱਤਰ ਪ੍ਰਦੇਸ਼ ਦੇ ਹਾਥਰਸ ‘ਚੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। 23 ਸਾਲਾ ਆਕਾਸ਼, ਜੋ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਨਿਭਾਉਂਦਾ ਹੋਇਆ “ਮਾਂ ਚਾਮੁੰਡਾ ਸਵੀਟ ਐਂਡ ਨਮਕੀਨ” ਰੈਸਟੋਰੈਂਟ ‘ਚ ਕਚੌਰੀਆਂ ਵੇਚਦਾ ਸੀ, ਹੁਣ 5 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਦੇ ਦੋਸ਼ਾਂ ‘ਚ ਪੁਲਿਸ ਦੀ ਗਿਰਫ਼ਤ ‘ਚ ਹੈ।

ਸਥਾਨਕ ਲੋਕ ਇਹ ਸੁਣ ਕੇ ਹੈਰਾਨ ਰਹਿ ਗਏ ਕਿ ਆਕਾਸ਼ ਨੇ ਸਿਰਫ਼ 500 ਰੁਪਏ ਦੀ ਜਮ੍ਹਾਂ ਰਕਮ ਨਾਲ ਕੁਝ ਹੀ ਸਮੇਂ ‘ਚ ਬੇਹਿਸਾਬ ਦੌਲਤ ਇਕੱਠੀ ਕਰ ਲਈ। ਉਸਨੇ ਯਾਮਾਹਾ R15 ਬਾਈਕ (₹2.5 ਲੱਖ), ਇੱਕ Thar ਗੱਡੀ ਅਤੇ ਲਗਭਗ ₹3.5 ਲੱਖ ਦਾ ਸੋਨਾ ਵੀ ਖਰੀਦਿਆ। ਉਸਦੀ ਅਚਾਨਕ ਆਈ ਦੌਲਤ ਨੇ ਗੁਆਂਢੀਆਂ ਦੇ ਸ਼ੱਕ ਨੂੰ ਹੋਰ ਗਹਿਰਾ ਕਰ ਦਿੱਤਾ।

 ਪੁਲਿਸ ਦੀ ਜਾਂਚ ‘ਚ ਕੀ ਨਿਕਲਿਆ ਸਾਹਮਣੇ?

ਜਦੋਂ ਮਾਮਲੇ ਦੀ ਖ਼ਬਰ ਮਿਲੀ ਤਾਂ ਹਾਥਰਸ ਪੁਲਿਸ ਨੇ ਤੁਰੰਤ ਸਪੈਸ਼ਲ ਆਪ੍ਰੇਸ਼ਨ ਗਰੁੱਪ (SOG) ਬਣਾਈ। ਜਾਂਚ ਵਿੱਚ ਖੁਲਾਸਾ ਹੋਇਆ ਕਿ ਆਕਾਸ਼ ਦੇ ਸਾਰੇ ਗ਼ੈਰਕਾਨੂੰਨੀ ਲੈਣ-ਦੇਣ ਉਸਦੇ ਬੈਂਕ ਆਫ਼ ਇੰਡੀਆ ਦੇ ਖਾਤੇ ਰਾਹੀਂ ਕੀਤੇ ਜਾ ਰਹੇ ਸਨ। ਪੁਲਿਸ ਦੇ ਅਨੁਸਾਰ, ਬੈਂਕ ਦੇ ਵੇਰਵਿਆਂ ਨੇ ਜਾਂਚਕਰਤਾਵਾਂ ਨੂੰ ਵੀ ਹੈਰਾਨ ਕਰ ਦਿੱਤਾ।

ਫਿਲਹਾਲ, ਪੁਲਿਸ ਨੇ ਆਕਾਸ਼ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਜਾਰੀ ਹੈ। ਹਾਲਾਂਕਿ, ਅਧਿਕਾਰੀ ਉਸਦੇ ਬਿਆਨ ਬਾਰੇ ਹਾਲੇ ਕੋਈ ਖ਼ੁਲਾਸਾ ਨਹੀਂ ਕਰ ਰਹੇ।