ਚੰਡੀਗੜ੍ਹ/ਜਲੰਧਰ (ਹਨੀ ਸਿੰਘ)-ਸੂਬੇ ’ਚ ਭਿਆਨਕ ਹੜ੍ਹਾਂ ਕਰਕੇ 1,75,216 ਹੈਕਟੇਅਰ ਖੇਤੀਬਾੜੀ ਰਕਬੇ ’ਚ ਫ਼ਸਲਾਂ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਗੁਰਦਾਸਪੁਰ, ਅੰਮ੍ਰਿਤਸਰ, ਮਾਨਸਾ, ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ’ਚ ਫ਼ਸਲਾਂ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਨੀਵੇਂ ਅਤੇ ਬੁਰੀ ਤਰ੍ਹਾਂ ਪ੍ਰਭਾਵਿਤ ਇਲਾਕਿਆਂ ’ਚੋਂ 20,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।

ਗੁਰਦਾਸਪੁਰ ’ਚ ਸਭ ਤੋਂ ਵੱਧ 5581 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਫਿਰੋਜ਼ਪੁਰ ’ਚ 3495, ਅੰਮ੍ਰਿਤਸਰ ’ਚ 2734, ਫਾਜ਼ਿਲਕਾ ’ਚ 2422, ਹੁਸ਼ਿਆਰਪੁਰ ’ਚ 1615, ਕਪੂਰਥਲਾ ’ਚ 1428, ਪਠਾਨਕੋਟ ’ਚ 1139, ਬਰਨਾਲਾ ’ਚ 369, ਜਲੰਧਰ ’ਚ 474, ਮੋਗਾ ’ਚ 115, ਮਾਨਸਾ ’ਚ 16, ਰੂਪਨਗਰ ’ਚ 65 ਤੇ ਤਰਨਤਾਰਨ ’ਚ 21 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੇ ਰਹਿਣ ਲਈ ਰਾਜ ਭਰ ’ਚ 167 ਰਾਹਤ ਕੈਂਪ ਸਥਾਪਤ ਕੀਤੇ ਗਏ ਹਨ ਅਤੇ ਹੜ੍ਹਾਂ ਕਾਰਨ ਕੁੱਲ੍ਹ 3,55,709 ਲੋਕ ਪ੍ਰਭਾਵਿਤ ਹੋਏ ਹਨ। ਸੂਬੇ ’ਚ 1,75,216 ਹੈਕਟੇਅਰ ਰਕਬੇ ’ਚ ਖੜ੍ਹੀਆਂ ਫ਼ਸਲਾਂ ਬਰਬਾਦ ਹੋ ਚੁੱਕੀਆਂ ਹਨ, ਜਿਸ ’ਚ ਇਕੱਲੇ ਗੁਰਦਾਸਪੁਰ ’ਚ 40,169 ਹੈਕਟੇਅਰ ਤੋਂ ਵੱਧ ਫ਼ਸਲੀ ਰਕਬੇ ਦਾ ਨੁਕਸਾਨ ਹੋਇਆ ਹੈ।
12 ਜ਼ਿਲ੍ਹਿਆਂ ’ਚ 37 ਲੋਕਾਂ ਦੀ ਜਾਨ ਗਈ ਹੈ ਜਦਕਿ ਪਠਾਨਕੋਟ ਦੇ ਤਿੰਨ ਵਿਅਕਤੀ ਅਜੇ ਵੀ ਲਾਪਤਾ ਹਨ। ਸਭ ਤੋਂ ਵੱਧ ਹੁਸ਼ਿਆਰਪੁਰ ’ਚ 7 ਮੌਤਾਂ ਹੋਈਆਂ ਹਨ। ਪਠਾਨਕੋਟ ’ਚ 6, ਬਰਨਾਲਾ ’ਚ 5, ਅੰਮ੍ਰਿਤਸਰ ਅਤੇ ਲੁਧਿਆਣਾ ’ਚ 4-4 ਜਦਕਿ ਬਠਿੰਡਾ ਅਤੇ ਮਾਨਸਾ ’ਚ 3-3, ਗੁਰਦਾਸਪੁਰ, ਪਟਿਆਲਾ, ਰੂਪਨਗਰ, ਮੋਹਾਲੀ ਅਤੇ ਸੰਗਰੂਰ ’ਚ 1-1 ਮੌਤ ਦਰਜ ਕੀਤੀ ਗਈ ਹੈ।

















