ਜਾਲੰਧਰ (ਪੰਕਜ ਸੋਨੀ) ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਜਾਲੰਧਰ ਟੀਮ ਨੇ ਸ਼ਾਨਦਾਰ ਕਾਰਵਾਈ ਕਰਦਿਆਂ ਬੱਬਰ ਖ਼ਾਲਸਾ ਇੰਟਰਨੈਸ਼ਨਲ (BKI) ਦੇ ਦਹਿਸ਼ਤਗਰਦਾਂ ਦਾ ਮੋਡੀਊਲ ਬੇਨਕਾਬ ਕਰ ਦਿੱਤਾ ਹੈ। ਇਸ ਕਾਰਵਾਈ ਨਾਲ ਪੰਜਾਬ ਵਿੱਚ ਵੱਡੀ ਖੂਨੀ ਸਾਜ਼ਿਸ਼ ਨਾਕਾਮ ਹੋ ਗਈ ਹੈ। ਪੁਲਿਸ ਨੇ ਗ੍ਰਿਫ਼ਤਾਰੀਆਂ ਤੋਂ ਬਾਅਦ ਇੱਕ 86-P ਹੈਂਡ ਗ੍ਰੇਨੇਡ ਵੀ ਬਰਾਮਦ ਕੀਤਾ ਹੈ।
ਕੁਝ ਦਿਨ ਪਹਿਲਾਂ ਰਾਜਸਥਾਨ ਵਾਸੀ ਰਿਤਿਕ ਨਰੋਲੀਆ ਤੇ ਇੱਕ ਨਾਬਾਲਗ ਨੂੰ ਫੜ੍ਹ ਕੇ ਪੁਲਿਸ ਨੇ ਪੂਰੇ ਨੈੱਟਵਰਕ ਦਾ ਖ਼ੁਲਾਸਾ ਕੀਤਾ। ਉਸੇ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਨੇ ਹੋਰ ਦੋ ਗੁਰਗੇ ਵੀ ਕਾਬੂ ਕੀਤੇ।
ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਵਿਸ਼ਵਜੀਤ ਨੂੰ ਕੋਲਕਾਤਾ ਤੋਂ ਉਸ ਸਮੇਂ ਫੜਿਆ ਗਿਆ ਜਦੋਂ ਉਹ ਮਲੇਸ਼ੀਆ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਦਕਿ ਜੈਕਸਨ ਨੂੰ ਨਕੋਦਰ ਤੋਂ ਦਬੋਚਿਆ ਗਿਆ। ਇਨ੍ਹਾਂ ਤੋਂ ਹੀ ਹੈਂਡ ਗ੍ਰੇਨੇਡ ਬਰਾਮਦ ਹੋਇਆ।

ਕੈਨੇਡਾ ਤੋਂ ਚਲ ਰਹੀ ਸੀ ਡੋਰ
ਜਾਂਚ ਵਿੱਚ ਖੁਲਾਸਾ ਹੋਇਆ ਕਿ ਇਹ ਸਾਰਾ ਮੋਡੀਊਲ ਕੈਨੇਡਾ ‘ਚ ਬੈਠੇ ਬੀਕੇਆਈ ਦੇ ਮਾਸਟਰਮਾਈਂਡ ਜੀਸ਼ਾਨ ਅਖ਼ਤਰ ਅਤੇ ਅਜੈ ਗਿੱਲ ਦੇ ਹੁਕਮਾਂ ‘ਤੇ ਚੱਲ ਰਿਹਾ ਸੀ। ਜੁਲਾਈ ਦੇ ਆਖ਼ਰੀ ਹਫ਼ਤੇ ਵਿੱਚ ਗੁਰਗਿਆਂ ਨੇ ਬਿਆਸ ਤੋਂ ਦੋ ਗ੍ਰੇਨੇਡ ਹਾਸਲ ਕੀਤੇ ਸਨ।
ਡੀ.ਜੀ.ਪੀ. ਨੇ ਕਿਹਾ ਕਿ ਇਨ੍ਹਾਂ ਵਿੱਚੋਂ ਇੱਕ ਗ੍ਰੇਨੇਡ ਨੂੰ ਐਸ.ਬੀ.ਐਸ. ਨਗਰ ਦੀ ਸ਼ਰਾਬ ਦੀ ਦੁਕਾਨ ‘ਤੇ ਧਮਾਕੇ ਲਈ ਵਰਤਿਆ ਗਿਆ ਸੀ। ਇਸ ਨਾਲ ਸਾਫ਼ ਹੋ ਗਿਆ ਕਿ ਨੈੱਟਵਰਕ ਪੰਜਾਬ ਵਿੱਚ ਖੌਫ਼ ਤੇ ਦਹਿਸ਼ਤ ਫੈਲਾਉਣ ਲਈ ਐਕਟਿਵ ਸੀ।
ਕੇਸ SSOC ਅੰਮ੍ਰਿਤਸਰ ‘ਚ ਦਰਜ
ਇਸ ਸਾਰੀ ਕਾਰਵਾਈ ਤੋਂ ਬਾਅਦ ਸਟੇਟ ਸਪੈਸ਼ਲ ਓਪਰੇਸ਼ਨ ਸੈੱਲ (SSOC), ਅੰਮ੍ਰਿਤਸਰ ਵਿੱਚ ਮਾਮਲਾ ਦਰਜ ਹੋ ਗਿਆ ਹੈ।
ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਦਹਿਸ਼ਤਗਰਦੀ ਅਤੇ ਗੈਂਗਸਟਰ ਸਭਿਆਚਾਰ ਨੂੰ ਜੜ੍ਹੋਂ ਉਖਾੜਨ ਲਈ ਦ੍ਰਿੜ਼ ਵਚਨਬੱਧ ਹੈ।