ਜਲੰਧਰ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬਸਤੀ ਸ਼ੇਖ ਦੇ ਇਲਾਕੇ ਵਿੱਚ ਰਾਤ ਸਮੇਂ ਅਚਾਨਕ ਇੱਕ ਕਨਫੈਕਸ਼ਨਰੀ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਦੁਕਾਨ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਪੀੜਤ ਦੁਕਾਨਦਾਰ ਸੌਰਵ ਨੇ ਪ੍ਰਸ਼ਾਸਨ ਅਤੇ ਫ਼ਾਇਰ ਬ੍ਰਿਗੇਡ ਦੀ ਕਾਰਜਪ੍ਰਣਾਲੀ ‘ਤੇ ਸਵਾਲ ਖੜ੍ਹੇ ਕੀਤੇ ਹਨ।

ਸੌਰਵ ਨੇ ਕਿਹਾ ਕਿ ਰਾਤ ਨੂੰ ਕਰੀਬ 2:30 ਤੋਂ 3:00 ਵਜੇ ਦੇ ਵਿੱਚ-ਵਿੱਚ, ਸਾਡੇ ਨਾਲ ਵਾਲੀ ਦੁਕਾਨ ਦੇ ਸਾਹਮਣੇ ਜਿਹੜੇ ਵਰ੍ਹਮਾ ਬੇਕਰੀ ਵਾਲੇ ਨੇ ਅਤੇ ਸਾਡੀ ਦੁਕਾਨ ‘ਤੇ ਕੰਮ ਕਰਨ ਵਾਲੇ ਲੜਕੇ ਨੇ ਸਾਨੂੰ ਆ ਕੇ ਸੂਚਿਤ ਕੀਤਾ ਕਿ ਤੁਹਾਡੀ ਦੁਕਾਨ ‘ਤੇ ਅੱਗ ਲੱਗ ਗਈ ਹੈ। ਇਹ ਦੁਕਾਨ ਮੇਰੇ ਛੋਟੇ ਭਰਾ ਅਤੇ ਮੇਰੇ ਕੋਲ ਹੈ, ਜਿਹੜੀ ਕਿ ਅਸੀਂ 17 ਅਗਸਤ 2026 ਨੂੰ ਹੀ ਕਿਰਾਏ ‘ਤੇ ਲਈ ਸੀ। ਸੌਰਵ ਨੇ ਦੱਸਿਆ ਕਿ ਦੁਕਾਨ ਦੇ ਅੰਦਰ ਜਿੰਨਾ ਵੀ ਸਾਮਾਨ ਪਿਆ ਸੀ, ਉਹ ਸਾਰਾ ਸੜ ਕੇ ਸੁਆਹ ਹੋ ਚੁੱਕਾ ਹੈ। ਅਸੀਂ ਫ਼ਾਇਰ ਬ੍ਰਿਗੇਡ ਨੂੰ ਘੱਟੋ-ਘੱਟ ਅੱਧਾ-ਪੌਣਾ ਘੰਟਾ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਗੱਡੀਆਂ ਬਹੁਤ ਲੇਟ ਪਹੁੰਚੀਆਂ। ਹਾਲਾਂਕਿ, ਬਾਅਦ ਵਿੱਚ ਉਹ ਮੌਕੇ ‘ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਅੱਗ ਨੂੰ ਕੰਟਰੋਲ ਕਰਨ ਦੀ ਕਾਫ਼ੀ ਕੋਸ਼ਿਸ਼ ਕੀਤੀ। ਫ਼ਾਇਰ ਬ੍ਰਿਗੇਡ ਦੀਆਂ ਕਰੀਬ ਦੋ ਗੱਡੀਆਂ ਮੌਕੇ ‘ਤੇ ਆਈਆਂ ਸਨ।
ਅੱਗੇ ਸੌਰਵ ਨੇ ਦੱਸਿਆ ਕਿ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ। ਲਗਭਗ ਸਾਢੇ ਚਾਰ ਤੋਂ ਪੰਜ ਲੱਖ ਰੁਪਏ ਦਾ ਸਾਮਾਨ ਮੈਂ ਪਹਿਲਾਂ ਪਾ ਚੁੱਕਾ ਸੀ ਅਤੇ ਬਾਕੀ 6 ਲੱਖ 80 ਹਜ਼ਾਰ ਰੁਪਏ ਦੀ ਪੇਮੈਂਟ ਦੇ ਕੇ ਮੈਂ ਦੁਕਾਨ ਉਨ੍ਹਾਂ ਤੋਂ ਲਈ ਸੀ। ਇਹ ਦੁਕਾਨ ‘ਭੋਲਾ ਮਿਲਕ ਬਾਰ ਐਂਡ ਕਨਫੈਕਸ਼ਨਰੀ’ ਦੇ ਨਾਮ ‘ਤੇ ਹੈ, ਜਿਸ ਵਿੱਚ ਦੁਕਾਨ ਨੰਬਰ 2 ਅਤੇ 3 ਦਾ ਐਗਰੀਮੈਂਟ ਸਾਡੇ ਕੋਲ ਹੈ। ਸੌਰਵ ਅਨੁਸਾਰ ਫ਼ਾਇਰ ਬ੍ਰਿਗੇਡ ਵੱਲੋਂ ਇਹੀ ਦੱਸਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਬਾਕੀ ਮੌਕੇ ‘ਤੇ ਜਿਹੜੀ ਵੀ ਪੁਲਿਸ ਜਾਂ ਪ੍ਰਸ਼ਾਸਨਿਕ ਜਾਂਚ ਹੋਵੇਗੀ, ਉਸ ਤੋਂ ਬਾਅਦ ਹੀ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।

















