ਜੰਮੂ-ਕਸ਼ਮੀਰ ਦੇ ਨੌਗਾਮ ਪੁਲਿਸ ਸਟੇਸ਼ਨ ਵਿੱਚ ਸ਼ੁੱਕਰਵਾਰ ਰਾਤ ਇੱਕ ਤਬਾਹੀ ਮਚਾਉਂਦਾ ਧਮਾਕਾ ਹੋਇਆ, ਜਿਸ ਨੇ ਪੂਰੇ ਇਲਾਕੇ ਨੂੰ ਦਹਿਲਾ ਦਿੱਤਾ। ਦੇਖਦੇ ਹੀ ਦੇਖਦੇ ਚਾਰ ਪਾਸੇ ਲਾਸ਼ਾਂ ਬਿਖਰ ਗਈਆਂ।
ਮਿਲੀ ਜਾਣਕਾਰੀ ਮੁਤਾਬਕ, ਇਸ ਬਲਾਸਟ ਵਿੱਚ 9 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਦਰਜਨ ਤੋਂ ਵੀ ਵੱਧ ਲੋਕ ਜ਼ਖ਼ਮੀ ਹਨ। ਸ਼ੁੱਕਰਵਾਰ ਰਾਤ ਤਕਰੀਬਨ 11 ਵੱਜ ਕੇ 22 ਮਿੰਟ ਤੇ ਇਹ ਧਮਾਕਾ ਹੋਇਆ। ਕਈਆਂ ਦੀਆਂ ਲਾਸ਼ਾਂ ਦੇ ਟੁਕੜੇ 200 ਮੀਟਰ ਦੂਰ ਤੱਕ ਮਿਲੇ ਹਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਧਮਾਕਾ ਉਸ ਵੇਲੇ ਹੋਇਆ ਜਦੋਂ ਪੁਲਿਸ ‘ਵ੍ਹਾਈਟ ਕਾਲਰ ਅੱਤਵਾਦੀ ਮੋਡੀਊਲ’ ਮਾਮਲੇ ਵਿੱਚ ਜ਼ਬਤ ਕੀਤੇ ਵਿਸਫੋਟਕ ਦੇ ਸੈਂਪਲ ਚੈਕ ਕਰ ਰਹੀ ਸੀ।
ਹਾਲਾਂਕਿ ਇਹ ਸਪੱਸ਼ਟ ਨਹੀਂ ਕਿ ਕੀ ਪੁਲਿਸ ਸਟੇਸ਼ਨ ਵਿੱਚ ਪੂਰੇ 360 ਕਿਲੋ ਵਿਸਫੋਟਕ ਮੌਜੂਦ ਸੀ ਜਾਂ ਸਿਰਫ਼ ਇਸ ਦਾ ਕੁਝ ਹਿੱਸਾ ਲਿਆਂਦਾ ਗਿਆ ਸੀ।
ਇਹ ਸਾਰਾ ਵਿਸਫੋਟਕ ਹਰਿਆਣਾ ਦੇ ਫਰੀਦਾਬਾਦ ਵਿੱਚ ਡਾ. ਮੁਜ਼ੰਮਿਲ ਗਨਈ ਦੇ ਕਿਰਾਏ ਦੇ ਘਰ ਤੋਂ ਜ਼ਬਤ ਕੀਤਾ ਗਿਆ ਸੀ। ਗਨਈ ਨੂੰ ਪਹਿਲਾਂ ਹੀ ਦਿੱਲੀ ਬਲਾਸਟ ਕੇਸ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਯਾਦ ਰਹੇ ਕਿ 10 ਨਵੰਬਰ ਨੂੰ ਦਿੱਲੀ ਦੇ ਲਾਲ ਕਿਲ੍ਹੇ ਦੇ ਨੇੜੇ ਕਾਰ ਬਲਾਸਟ ਵਿੱਚ 13 ਲੋਕਾਂ ਦੀ ਮੌਤ ਹੋ ਗਈ ਸੀ।
ਇੱਥੇ 29 ਜ਼ਖ਼ਮੀਆਂ ਵਿੱਚੋਂ ਬਹੁਤੇ ਪੁਲਿਸ ਕਰਮਚਾਰੀ ਹਨ, ਜਿਨ੍ਹਾਂ ਦਾ ਇਲਾਜ 92 ਆਰਮੀ ਬੇਸ ਹਸਪਤਾਲ ਅਤੇ SKIMS ਸਉਰਾ ਵਿੱਚ ਜਾਰੀ ਹੈ।

















