ਗੈਂਗਸਟਰਾਂ ਖ਼ਿਲਾਫ਼ 72 ਘੰਟਿਆਂ ਦਾ ‘ਆਪਰੇਸ਼ਨ ਪ੍ਰਹਾਰ’ ਸ਼ੁਰੂ 2000 ਪੁਲਿਸ ਟੀਮਾਂ ਮੈਦਾਨ ਵਿੱਚ, ਜਲੰਧਰ-ਮੰਡੀ ਗੋਬਿੰਦਗੜ੍ਹ ਵਿੱਚ ਮੁੱਠਭੇੜਾਂ ਜਾਣਕਾਰੀ ਲਈ ਟੋਲ ਫ੍ਰੀ ਨੰਬਰ 93946-93946 ਜਾਰੀ

ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਖ਼ਿਲਾਫ਼ 72 ਘੰਟਿਆਂ ਦਾ ਵਿਸ਼ੇਸ਼ ‘ਆਪਰੇਸ਼ਨ ਪ੍ਰਹਾਰ’ ਲਾਂਚ ਕੀਤਾ ਗਿਆ ਹੈ। ਡੀਜੀਪੀ ਗੌਰਵ ਯਾਦਵ ਨੇ ਚੰਡੀਗੜ੍ਹ ਵਿੱਚ ਇਸ ਦੀ ਘੋਸ਼ਣਾ ਕਰਦਿਆਂ ਦੱਸਿਆ ਕਿ ਅੱਜ (20 ਜਨਵਰੀ) ਤੋਂ ਸੂਬੇ ਭਰ ਵਿੱਚ 2000 ਵਿਸ਼ੇਸ਼ ਪੁਲਿਸ ਟੀਮਾਂ ਮੈਦਾਨ ਵਿੱਚ ਉਤਾਰੀਆਂ ਗਈਆਂ ਹਨ। ਇਹ ਟੀਮਾਂ ਗੈਂਗਸਟਰਾਂ, ਉਨ੍ਹਾਂ ਦੇ ਸਾਥੀਆਂ ਅਤੇ ਅਪਰਾਧਿਕ ਸਰਗਰਮੀਆਂ ਵਿੱਚ ਸ਼ਾਮਲ ਪਰਿਵਾਰਕ ਮੈਂਬਰਾਂ ਦੀ ਜਾਂਚ ਕਰ ਰਹੀਆਂ ਹਨ।

ਡੀਜੀਪੀ ਨੇ ਗੈਂਗਸਟਰਾਂ ਬਾਰੇ ਜਾਣਕਾਰੀ ਦੇਣ ਲਈ ਟੋਲ ਫ੍ਰੀ ਹੈਲਪਲਾਈਨ ਨੰਬਰ 93946-93946 ਵੀ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਭਟਕੇ ਹੋਏ ਨੌਜਵਾਨਾਂ ਲਈ ਇਹ ਆਖਰੀ ਮੌਕਾ ਹੈ ਕਿ ਉਹ ਮੁੱਖ ਧਾਰਾ ਵਿੱਚ ਵਾਪਸ ਆ ਜਾਣ। ਹੁਣ ਪੰਜਾਬ ਪੁਲਿਸ ਕਿਸੇ ਨੂੰ ਵੀ ਨਹੀਂ ਬਖ਼ਸ਼ੇਗੀ। ਗੈਂਗਸਟਰ ਵਿਦੇਸ਼ਾਂ ਵਿੱਚ ਬੈਠ ਕੇ ਵੀ ਆਪਣੇ ਆਪ ਨੂੰ ਮਹਫੂਜ਼ ਨਾ ਸਮਝਣ।

ਆਪਰੇਸ਼ਨ ਸ਼ੁਰੂ ਹੋਣ ਦੇ ਨਾਲ ਹੀ ਜਲੰਧਰ ਅਤੇ ਮੰਡੀ ਗੋਬਿੰਦਗੜ੍ਹ ਵਿੱਚ ਦੋ ਥਾਵਾਂ ‘ਤੇ ਮੁੱਠਭੇੜਾਂ ਹੋਈਆਂ। ਮੰਡੀ ਗੋਬਿੰਦਗੜ੍ਹ ਵਿੱਚ ਪੁਲਿਸ ਗੈਂਗਸਟਰ ਸ਼ਿਵਾ ਨੂੰ ਹਥਿਆਰ ਬਰਾਮਦਗੀ ਲਈ ਲੈ ਕੇ ਗਈ ਸੀ, ਪਰ ਉਸ ਨੇ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ, ਜਿਸ ਵਿੱਚ ਇੱਕ ਹੋਮਗਾਰਡ ਜਵਾਨ ਜ਼ਖ਼ਮੀ ਹੋ ਗਿਆ। ਜਵਾਬੀ ਫਾਇਰਿੰਗ ਵਿੱਚ ਸ਼ਿਵਾ ਨੂੰ ਗੋਲੀ ਲੱਗੀ ਅਤੇ ਉਹ ਕਾਬੂ ਕਰ ਲਿਆ ਗਿਆ।

ਉਧਰ, ਜਲੰਧਰ ਵਿੱਚ ਪੁਲਿਸ ਵੱਲੋਂ ਦੋ ਸੰਦੇਹੀ ਵਿਅਕਤੀਆਂ ਨੂੰ ਰੋਕਿਆ ਗਿਆ, ਜਿਨ੍ਹਾਂ ਨੇ ਪੁਲਿਸ ਪਾਰਟੀ ‘ਤੇ ਗੋਲੀਆਂ ਚਲਾਈਆਂ। ਕ੍ਰਾਸ ਫਾਇਰਿੰਗ ਦੌਰਾਨ ਇੱਕ ਦੋਸ਼ੀ ਕਰਨ ਜ਼ਖ਼ਮੀ ਹੋ ਗਿਆ, ਜਦਕਿ ਉਸ ਦਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਇਨ੍ਹਾਂ ‘ਤੇ UK ਤੋਂ ਭਾਰਤ ਆਏ ਸੁਖਚੈਨ ਸਿੰਘ ‘ਤੇ ਫਾਇਰਿੰਗ ਕਰਨ ਦਾ ਦੋਸ਼ ਹੈ। ਪੁਲਿਸ ਮੁਤਾਬਕ ਇਸ ਸਾਜ਼ਿਸ਼ ਦੇ ਤਾਰ ਵਿਦੇਸ਼ਾਂ ਨਾਲ ਜੁੜੇ ਹੋਏ ਹਨ।

ਡੀਜੀਪੀ ਗੌਰਵ ਯਾਦਵ ਦੀਆਂ ਅਹਿਮ ਗੱਲਾਂ:

60 ਮੁੱਖ ਗੈਂਗਸਟਰ ਮੈਪ: ਵਿਦੇਸ਼ਾਂ ਵਿੱਚ ਬੈਠੇ 60 ਐਕਟਿਵ ਗੈਂਗਸਟਰਾਂ ਦੀ ਪਛਾਣ ਕੀਤੀ ਗਈ ਹੈ। ਉਨ੍ਹਾਂ ਦੇ 1200 ਸਾਥੀਆਂ ਅਤੇ 600 ਪਰਿਵਾਰਕ ਮੈਂਬਰਾਂ ਨੂੰ ਵੀ ਮੈਪ ਕੀਤਾ ਗਿਆ ਹੈ।

ਪਰਿਵਾਰਕ ਮੈਂਬਰ ਵੀ ਨਹੀਂ ਬਚਣਗੇ: ਜੇ ਪਰਿਵਾਰ ਦਾ ਕੋਈ ਮੈਂਬਰ ਅਪਰਾਧਿਕ ਸਰਗਰਮੀ ਵਿੱਚ ਸ਼ਾਮਲ ਮਿਲਿਆ ਤਾਂ ਉਸ ‘ਤੇ ਵੀ ਕਾਰਵਾਈ ਹੋਵੇਗੀ।

ਟ੍ਰੈਵਲ ਏਜੰਟਾਂ ‘ਤੇ ਸ਼ਿਕੰਜਾ: ਗੈਂਗਸਟਰਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਵਾਲੇ ਟ੍ਰੈਵਲ ਏਜੰਟਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।

ਵਿਦੇਸ਼ਾਂ ਤੋਂ ਗੈਂਗਸਟਰ ਵਾਪਸ ਲਿਆਂਦੇ ਜਾਣਗੇ: OFTEC ਸੈੱਲ ਬਣਾਇਆ ਗਿਆ ਹੈ। 23 ਗੈਂਗਸਟਰਾਂ ਖ਼ਿਲਾਫ਼ ਰੈਡ ਕਾਰਨਰ ਨੋਟਿਸ ਜਾਰੀ ਹੋ ਚੁੱਕੇ ਹਨ।

ਸੋਸ਼ਲ ਮੀਡੀਆ ‘ਤੇ ਸਖ਼ਤੀ: ਹਥਿਆਰਾਂ ਦੀ ਨੁਮਾਇਸ਼ ਅਤੇ ਅਪਰਾਧ ਦੇ ਪ੍ਰਚਾਰ ਵਾਲੀਆਂ 10 ਹਜ਼ਾਰ ਤੋਂ ਵੱਧ ਪੋਸਟਾਂ ਹਟਾਈਆਂ ਗਈਆਂ, ਕਈ ਅਕਾਊਂਟ ਬੰਦ ਕਰਵਾਏ ਗਏ।

ਹੋਰ ਰਾਜਾਂ ਵਿੱਚ ਵੀ ਛਾਪੇ: ਆਪਰੇਸ਼ਨ ਸਿਰਫ਼ ਪੰਜਾਬ ਤੱਕ ਸੀਮਿਤ ਨਹੀਂ ਰਹੇਗਾ, ਬਾਹਰਲੇ ਰਾਜਾਂ ਵਿੱਚ ਵੀ ਰੇਡ ਕੀਤੀਆਂ ਜਾਣਗੀਆਂ।

ਰਿਵਾਰਡ ਪਾਲਿਸੀ ਨੂੰ ਮਨਜ਼ੂਰੀ

ਪੰਜਾਬ ਸਰਕਾਰ ਵੱਲੋਂ ਪੁਲਿਸ ਲਈ ਰਿਵਾਰਡ ਪਾਲਿਸੀ ਮਨਜ਼ੂਰ ਕੀਤੀ ਗਈ ਹੈ, ਜਿਸ ਤਹਿਤ ਕੁੱਲ 10 ਕਰੋੜ ਰੁਪਏ ਤੱਕ ਦੇ ਇਨਾਮ ਦਿੱਤੇ ਜਾਣਗੇ। ਇੱਕ ਕਿਲੋ ਨਸ਼ਾ ਫੜਨ ‘ਤੇ 60 ਹਜ਼ਾਰ ਰੁਪਏ, ਦੋਸ਼ੀ ਨੂੰ ਸਜ਼ਾ ਹੋਣ ‘ਤੇ ਜਾਂਚ ਅਫਸਰ ਨੂੰ 40 ਹਜ਼ਾਰ ਅਤੇ ਪ੍ਰਾਪਰਟੀ ਅਟੈਚ ਕਰਵਾਉਣ ‘ਤੇ 20 ਹਜ਼ਾਰ ਰੁਪਏ ਇਨਾਮ ਦਿੱਤਾ ਜਾਵੇਗਾ।