China Dor ਦਾ ਕਹਿਰ, ਪੱਗ ਦੇ ਅੰਦਰੋਂ ਹੀ ਫਿਰ ਗਈ ਡੋਰ, ਨੌਜਵਾਨ ਦੇ ਲੱਗੇ 35 ਟਾਂਕੇ

ਲੋੜੀ ਦੇ ਤਿਉਹਾਰਾਂ ਦੇ ਮੌਕੇ ਬਹੁਤ ਸਾਰੇ ਨੌਜਵਾਨ ਪਤੰਗਬਾਜ਼ੀ ਕਰਦੇ ਹਨ ਅਤੇ ਚਾਈਨਾ ਡੋਰ ਦਾ ਇਸਤੇਮਾਲ ਕਰਦੇ ਹਨ, ਜੋ ਕਿ ਪਸ਼ੂਆਂ, ਪੰਛੀਆਂ ਅਤੇ ਇਨਸਾਨੀ ਜ਼ਿੰਦਗੀ ਲਈ ਬਹੁਤ ਖਤਰਨਾਕ ਸਾਬਤ ਹੋ ਰਿਹਾ ਹੈ। ਚਾਈਨਾ ਡੋਰ ਦੇ ਇਸਤੇਮਾਲ ਕਾਰਨ ਕਈ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਚੁੱਕੇ ਹਨ।

ਇਸ ਦੌਰਾਨ, ਗੁਰਦਾਸਪੁਰ ਦੇ ਪਿੰਡ ਪੰਧੇਰ ਦੇ ਨੌਜਵਾਨ ਜਤਿੰਦਰ ਸਿੰਘ ਮੱਥੇ ਤੇ ਚਾਈਨਾ ਡੋਰ ਫਿਰਨ ਦੇ ਕਾਰਨ ਗੰਭੀਰ ਜ਼ਖਮੀ ਹੋ ਗਿਆ। ਉਸਨੂੰ ਜ਼ਖਮੀ ਹਾਲਤ ਵਿੱਚ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਡਾਕਟਰਾਂ ਨੇ ਦੱਸਿਆ ਕਿ ਉਸਦੇ ਮੱਥੇ, ਨੱਕ ਅਤੇ ਆਈਬ੍ਰੋ ਨੂੰ ਬੁਰੀ ਤਰ੍ਹਾਂ ਵੱਡਾ ਗਿਆ ਅਤੇ ਉਸਨੂੰ 35 ਦੇ ਕਰੀਬ ਟਾਂਕੇ ਲੱਗੇ। ਡਾਕਟਰਾਂ ਨੇ ਇਹ ਵੀ ਕਿਹਾ ਕਿ ਨੌਜਵਾਨ ਨੇ ਸਿਰ ਤੇ ਪੱਗ ਬੰਨੀ ਹੋਣ ਕਾਰਨ ਜਾਨ ਬਚ ਗਈ ਨਹੀਂ ਤਾਂ ਹਾਲਤ ਬਹੁਤ ਗੰਭੀਰ ਹੋ ਸਕਦੀ ਸੀ।

ਇਸ ਘਟਨਾ ਤੋਂ ਬਾਅਦ ਜਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਚਾਈਨਾ ਡੋਰ ਉੱਪਰ ਮੁਕੰਮਲ ਪਾਬੰਦੀ ਲਗਾਈ ਜਾਵੇ। ਉੱਥੇ ਹੀ ਕਈ ਦੁਕਾਨਦਾਰਾਂ ਨੇ ਕਿਹਾ ਕਿ ਉਹਨਾਂ ਨੇ ਚਾਈਨਾ ਡੋਰ ਦੀ ਵਿਕਰੀ ਬਿਲਕੁਲ ਹੀ ਰੋਕ ਦਿੱਤੀ ਹੈ ਅਤੇ ਕੋਈ ਵੀ ਇਸਨੂੰ ਮੰਗਣ ਆਏ ਤਾਂ ਉਸਨੂੰ ਸਾਫ ਮਨਾਹੀ ਕੀਤੀ ਜਾਂਦੀ ਹੈ।
ਲੋਕਾਂ ਅਤੇ ਮਾਪਿਆਂ ਨੇ ਵੀ ਜਿਲ੍ਹਾ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਦੇ ਖਤਰਨਾਕ ਪ੍ਰਭਾਵ ਤੋਂ ਬਚਾਏ ਅਤੇ ਇਸਦੇ ਉਤੇ ਪਾਬੰਦੀ ਲਗਾਈ ਜਾਵੇ।