ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਦਿੱਤੀ ਇੰਕਾਊਂਟਰ ਦੀ ਪੂਰੀ ਜਾਣਕਾਰੀ

ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਅਧੀਨ ਪੈਂਦੇ ਇਲਾਕੇ ਵਿੱਚ ਪੁਲਿਸ ਅਤੇ ਇੱਕ ਬਦਮਾਸ਼ ਦਰਮਿਆਨ ਮੁਕਾਬਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮੌਕੇ ‘ਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਖੁਦ ਪਹੁੰਚੇ ਅਤੇ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ 13 ਦਸੰਬਰ ਦੀ ਦਰਮਿਆਨੀ ਰਾਤ ਕੋਟ ਖਾਲਸਾ ਖੇਤਰ ਵਿੱਚ ਜਗਰਾਤੇ ਦੇ ਪ੍ਰੋਗਰਾਮ ਤੋਂ ਵਾਪਸ ਆ ਰਹੇ ਬਿਕਰਮ ਸ਼ਰਮਾ ਨੇ ਦੇਖਿਆ ਕਿ ਗੁਲਸ਼ਨ ਕੁਮਾਰ ਅਤੇ ਉਸ ਦੀ ਪਤਨੀ ਇੱਕ ਬਜ਼ੁਰਗ ਨਾਲ ਬਹਿਸ ਕਰ ਰਹੇ ਸਨ। ਇਸ ਦੌਰਾਨ ਚੰਦਨ ਸ਼ਰਮਾ, ਜੋ ਕਿ ਉਨ੍ਹਾਂ ਦਾ ਭਤੀਜਾ ਹੈ, ਮੌਕੇ ‘ਤੇ ਆ ਗਿਆ। ਤਕਰਾਰ ਵਧਣ ਉਪਰੰਤ ਚੰਦਨ ਸ਼ਰਮਾ ਨੇ ਗੋਲੀ ਚਲਾ ਦਿੱਤੀ, ਜਿਸ ਨਾਲ ਸ਼ਿਕਾਇਤਕਰਤਾ ਦੀਆਂ ਦੋਵੇਂ ਲੱਤਾਂ ਵਿੱਚ ਗੋਲੀਆਂ ਲੱਗੀਆਂ। ਇਸ ਸਬੰਧੀ ਤੁਰੰਤ ਕੇਸ ਦਰਜ ਕਰਕੇ ਪੁਲਿਸ ਵੱਲੋਂ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ।

ਅਗਲੇ ਦਿਨ ਦੋਸ਼ੀ ਦੀ ਤਲਾਸ਼ ਦੌਰਾਨ ਇੱਕ ਹੋਰ ਘਟਨਾ ਸਾਹਮਣੇ ਆਈ। ਪੁਲਿਸ ਪਾਰਟੀ ਨੂੰ ਦੇਖ ਕੇ ਭੱਜਦੇ ਸਮੇਂ ਚੰਦਨ ਸ਼ਰਮਾ ਨੇ ਮੁੜ ਫਾਇਰਿੰਗ ਕੀਤੀ, ਜਿਸ ਨਾਲ ‘ਬਿੱਲੂ’ ਨਾਮਕ ਇੱਕ ਮਜ਼ਦੂਰ ਜ਼ਖ਼ਮੀ ਹੋ ਗਿਆ। ਉਸ ਦੀ ਠੱਗੀ ਬਾਂਹ ਅਤੇ ਪੇਟ ਵਿੱਚ ਗੋਲੀ ਲੱਗੀ। ਇਸ ਦੌਰਾਨ ਰਿਕੋਸ਼ੇਟ ਹੋ ਕੇ ਸੋਨੀਆ ਨਾਮਕ ਇੱਕ ਮਹਿਲਾ ਵੀ ਜ਼ਖ਼ਮੀ ਹੋ ਗਈ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਗਿਆ। ਤਕਨੀਕੀ ਸਹਾਇਤਾ ਅਤੇ ਇਨਪੁੱਟ ਦੇ ਆਧਾਰ ‘ਤੇ ਪੁਲਿਸ ਨੇ ਆਰੋਪੀ ਨੂੰ ਟ੍ਰੈਕ ਕੀਤਾ। ਪੁਲਿਸ ਨੂੰ ਸੂਚਨਾ ਮਿਲੀ ਕਿ ਆਰੋਪੀ ਇਸ ਖੇਤਰ ਵਿੱਚ ਆ ਰਿਹਾ ਹੈ। ਉਸ ਨੂੰ ਸਰੰਡਰ ਕਰਨ ਲਈ ਚੇਤਾਵਨੀ ਦਿੱਤੀ ਗਈ ਅਤੇ ਹਵਾ ਵਿੱਚ ਫਾਇਰ ਵੀ ਕੀਤਾ ਗਿਆ, ਪਰ ਦੋਸ਼ੀ ਨੇ ਪੁਲਿਸ ‘ਤੇ ਮਾਰੂ ਨੀਅਤ ਨਾਲ ਗੋਲੀਆਂ ਚਲਾਈਆਂ।

ਸੈਲਫ ਡਿਫੈਂਸ ਵਿੱਚ ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ, ਜਿਸ ਦੌਰਾਨ ਚੰਦਨ ਸ਼ਰਮਾ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁਲਿਸ ਨੇ ਦੋਸ਼ੀ ਦੇ ਕਬਜ਼ੇ ਵਿਚੋਂ 9 ਐਮਐਮ ਦਾ ਵਿਦੇਸ਼ੀ (ਤੁਰਕੀ) ਬਣਿਆ ਪਿਸਟਲ ਅਤੇ ਗੋਲਾਬਾਰੂਦ ਬਰਾਮਦ ਕੀਤਾ ਹੈ।

ਪੁਲਿਸ ਅਨੁਸਾਰ ਚੰਦਨ ਸ਼ਰਮਾ ਮਈ 2025 ਵਿੱਚ ਜੇਲ੍ਹ ਤੋਂ ਬਾਹਰ ਆਇਆ ਸੀ ਅਤੇ ਉਸ ਖ਼ਿਲਾਫ਼ ਐਨਟੀਐਫ ਥਾਣਾ ਮੋਹਾਲੀ ਵਿੱਚ ਵੀ ਕੇਸ ਦਰਜ ਹੈ। ਜੇਲ੍ਹ ਦੇ ਅੰਦਰ ਬਣੇ ਅਪਰਾਧੀ ਸੰਪਰਕਾਂ ਰਾਹੀਂ ਹਥਿਆਰ ਪ੍ਰਾਪਤ ਕਰਨ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਨਾਲ ਜੁੜੇ ਸਾਰੇ ਪੱਖਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ।