ਪ੍ਰੈੱਸ ਕਲੱਬ ਚੋਣਾਂ ‘ਤੇ ਰੋਕ ਲੱਗਣ ਦੀ ਸੰਭਾਵਨਾ, ਕਈ ਪੱਤਰਕਾਰਾਂ ਵੱਲੋਂ D.C. ਅਤੇ ਮੁੱਖ ਮੰਤਰੀ ਨੂੰ ਸ਼ਿਕਾਇਤ

ਜਲੰਧਰ (ਪੰਕਜ਼ ਸੋਨੀ):- ਪੰਜਾਬ ਪ੍ਰੈੱਸ ਕਲੱਬ, ਜਲੰਧਰ ਦੀਆਂ ਸਾਲ 2025 ਦੀਆਂ ਚੋਣਾਂ ਨੂੰ ਲੈ ਕੇ ਵਿਵਾਦ ਵੱਧਦਾ ਜਾ ਰਿਹਾ ਹੈ। ਕਲੱਬ ਦੇ ਕਈ ਮੈਂਬਰ ਪੱਤਰਕਾਰਾਂ ਨੇ ਵੋਟਰ ਸੂਚੀ ਤਿਆਰ ਕਰਨ ਦੀ ਪ੍ਰਕਿਰਿਆ ਅਤੇ ਚੋਣ ਅਧਿਕਾਰੀਆਂ ਦੀ ਨਿਯੁਕਤੀ ‘ਤੇ ਸਵਾਲ ਖੜ੍ਹੇ ਕਰਦੇ ਹੋਏ ਡਿਪਟੀ ਕਮਿਸ਼ਨਰ (ਡੀ.ਸੀ.) ਜਲੰਧਰ, ਮੁੱਖ ਮੰਤਰੀ ਪੰਜਾਬ (ਸੀ.ਐਮ.), ਪ੍ਰਮੁੱਖ ਸਕੱਤਰ (ਗ੍ਰਹਿ ਮਾਮਲੇ) ਅਤੇ ਡੀ.ਪੀ.ਆਰ.ਓ. ਜਲੰਧਰ ਨੂੰ ਇੱਕ ਵਿਸਥਾਰਪੂਰਵਕ ਲਿਖਤੀ ਸ਼ਿਕਾਇਤ ਭੇਜੀ ਹੈ।
ਸ਼ਿਕਾਇਤਕਰਤਾ, ਜਿਨ੍ਹਾਂ ਵਿੱਚ ‘ਡੇਲੀ ਸੰਵਾਦ’ ਦੇ ਸੰਪਾਦਕ ਮਹਾਬੀਰ ਪ੍ਰਸਾਦ ਅਤੇ ‘ਦਿ ਟੈਲੀਸਕੋਪ ਟੀ.ਵੀ.’ ਦੇ ਸੰਪਾਦਕ ਪ੍ਰਦੀਪ ਸਿੰਘ ਸ਼ਾਮਲ ਹਨ, ਨੇ ਚੋਣ ਪ੍ਰਕਿਰਿਆ ਨੂੰ ਗੈਰ-ਸੰਵਿਧਾਨਕ ਅਤੇ ਪੱਖਪਾਤੀ ਕਰਾਰ ਦਿੱਤਾ ਹੈ। ਇਸ ਵਿਵਾਦ ਕਾਰਨ ਚੋਣਾਂ ‘ਤੇ ਰੋਕ ਲੱਗਣ ਦੀ ਸੰਭਾਵਨਾ ਬਣ ਗਈ ਹੈ।
ਮੁੱਖ ਇਲਜ਼ਾਮ:
ਸ਼ਿਕਾਇਤ ਵਿੱਚ ਮੁੱਖ ਤੌਰ ‘ਤੇ ਹੇਠ ਲਿਖੇ ਇਲਜ਼ਾਮ ਲਗਾਏ ਗਏ ਹਨ:
ਪੱਖਪਾਤੀ ਵੋਟਰ ਸੂਚੀ ਪੜਤਾਲ (Scrutiny): ਇਲਜ਼ਾਮ ਹੈ ਕਿ ਵੋਟਰ ਸੂਚੀ ਦੀ ਪੜਤਾਲ ਕਰਨ ਵਾਲੀ ਕਮੇਟੀ (Scrutiny Committee) ਵਿੱਚ ਸ਼ਾਮਲ ਮੈਂਬਰ ਖੁਦ ਇਸ ਵਾਰ ਦੀਆਂ ਚੋਣਾਂ ਵਿੱਚ ਇੱਕ ਖਾਸ ਗਰੁੱਪ ਦੇ ਬੈਨਰ ਹੇਠ ਉਮੀਦਵਾਰ ਹਨ ਜਾਂ ਰਹੇ ਹਨ।
ਉਮੀਦਵਾਰਾਂ ਦਾ ਸਕਰੂਟਨੀ ਕਮੇਟੀ ਵਿੱਚ ਸ਼ਾਮਲ ਹੋਣਾ: ਸ਼ਿਕਾਇਤ ਮੁਤਾਬਕ, ਸਕਰੂਟਨੀ ਕਮੇਟੀ ਵਿੱਚ ਸ਼ਾਮਲ ਕਈ ਮੈਂਬਰ ਇਸ ਵਾਰ ਦੀਆਂ ਚੋਣਾਂ ਵਿੱਚ ਉਮੀਦਵਾਰ ਰਹੇ ਹਨ ਜਾਂ ਕਿਸੇ ਨਾ ਕਿਸੇ ਤਰ੍ਹਾਂ ਚੋਣ ਪ੍ਰਕਿਰਿਆ ਦਾ ਹਿੱਸਾ ਹਨ। ਇਹ ਕਾਰਵਾਈ ਗੈਰ-ਸੰਵਿਧਾਨਕ ਦੱਸੀ ਗਈ ਹੈ, ਕਿਉਂਕਿ ਕੋਈ ਵੀ ਉਮੀਦਵਾਰ ਆਪਣੇ ਲਈ ਵੋਟਰ ਸੂਚੀ ਤਿਆਰ ਜਾਂ ਪ੍ਰਮਾਣਿਤ ਨਹੀਂ ਕਰ ਸਕਦਾ।
ਚੋਣ ਅਧਿਕਾਰੀ ‘ਤੇ ਪੱਖਪਾਤ ਦਾ ਇਲਜ਼ਾਮ: ਸ. ਲਖਵਿੰਦਰ ਸਿੰਘ ਜੌਹਲ, ਜੋ ਇਸ ਵਾਰ ਦੇ ਚੋਣ ਅਧਿਕਾਰੀਆਂ ਵਿੱਚੋਂ ਹਨ, ਪਹਿਲਾਂ ਇਸੇ ਗਰੁੱਪ ਅਧੀਨ ਚੋਣਾਂ ਲੜ੍ਹ ਚੁੱਕੇ ਹਨ ਅਤੇ ਹੁਣ ਉਮੀਦਵਾਰਾਂ ਨਾਲ ਮਿਲ ਕੇ ਵੋਟਰ ਸੂਚੀ ਦੀ ਪੜਤਾਲ ਕਰ ਰਹੇ ਹਨ।
ਚੋਣ ਅਧਿਕਾਰੀਆਂ ਦਾ ਪੱਲਾ ਝਾੜਨਾ: ਸ਼ਿਕਾਇਤਕਰਤਾਵਾਂ ਨੇ ਦੱਸਿਆ ਕਿ ਜਦੋਂ ਇਸ ਸਬੰਧੀ ਚੋਣ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਤਾਂ ਉਨ੍ਹਾਂ ਨੇ ਜਵਾਬ ਵਿੱਚ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ, ਜਦੋਂ ਕਿ ਕਲੱਬ ਕਮੇਟੀ ਭੰਗ ਹੋਣ ਕਾਰਨ ਇਸ ਸਮੇਂ ਉਹ ਹੀ ਨਿਰਣਾਇਕ ਅਹੁਦੇ ‘ਤੇ ਹਨ।
ਡਿਪਟੀ ਕਮਿਸ਼ਨਰ ਤੋਂ ਮੰਗ:
ਪੱਤਰਕਾਰਾਂ ਨੇ ਡੀ.ਸੀ. ਸਾਹਿਬ ਨੂੰ ਤੁਰੰਤ ਮਾਮਲੇ ਵਿੱਚ ਦਖ਼ਲ ਦੇਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਦੀਆਂ ਮੁੱਖ ਮੰਗਾਂ ਹੇਠ ਲਿਖੇ ਅਨੁਸਾਰ ਹਨ:
ਗੈਰ-ਸੰਵਿਧਾਨਕ ਅਤੇ ਪੱਖਪਾਤੀ ਰਵੱਈਏ ‘ਤੇ ਤੁਰੰਤ ਕਾਰਵਾਈ ਕਰਨਾ।
ਵੋਟਰ ਸੂਚੀ ਦੀ ਮੁੜ ਪੜਤਾਲ ਕਰਵਾਉਣਾ ਅਤੇ ਇਸ ਕਮੇਟੀ ਵਿੱਚ ਸਾਰੇ ਮੁੱਖ ਧਿਰਾਂ ਦੇ ਨੁਮਾਇੰਦਿਆਂ ਨੂੰ ਸ਼ਾਮਲ ਕਰਨਾ।
ਚੋਣਾਂ ‘ਤੇ ਤੁਰੰਤ ਰੋਕ ਲਗਾਉਣਾ ਅਤੇ ਕਲੱਬ ਲਈ ਇੱਕ ਰਿਸੀਵਰ ਦੀ ਮੰਗ ਕੀਤੀ ਹੈ।
ਸਕਰੂਟਨੀ ਕਮੇਟੀ ਵਿੱਚ ਸ਼ਾਮਲ ਉਮੀਦਵਾਰਾਂ ਦੀ ਨਾਮੀਨੇਸ਼ਨ ਰੱਦ ਕਰਨਾ ਅਤੇ ਨਿਰਪੱਖ ਚੋਣ ਅਧਿਕਾਰੀਆਂ ਦੀ ਨਿਯੁਕਤੀ ਕਰਨਾ।
ਸੰਭਾਵਿਤ ਮੀਟਿੰਗ ਅਤੇ ਅਦਾਲਤੀ ਕਾਰਵਾਈ:
ਸ਼ਿਕਾਇਤਕਰਤਾਵਾਂ ਮੁਤਾਬਕ, ਉਹ ਇਸ ਮਾਮਲੇ ਨੂੰ ਲੈ ਕੇ ਐਤਵਾਰ (14/12/2025) ਨੂੰ ਡਿਪਟੀ ਕਮਿਸ਼ਨਰ ਜਲੰਧਰ ਨਾਲ ਮੀਟਿੰਗ ਹੋਣ ਦੀ ਉਮੀਦ ਕਰ ਰਹੇ ਹਨ।
ਇਸ ਦੌਰਾਨ, ਕਈ ਪੱਤਰਕਾਰ ਇਸ ਚੋਣ ਪ੍ਰਕਿਰਿਆ ਦੇ ਖਿਲਾਫ਼ ਅਗਲਾ ਕਦਮ ਚੁੱਕਦੇ ਹੋਏ ਮਾਣਯੋਗ ਅਦਾਲਤ ਵਿੱਚ ਜਾ ਕੇ ਚੋਣਾਂ ‘ਤੇ ਰੋਕ (Stay) ਲਿਆਉਣ ਦੀ ਤਿਆਰੀ ਵਿੱਚ ਵੀ ਹਨ। ਸ਼ਿਕਾਇਤਕਰਤਾਵਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸੇ ਤਰ੍ਹਾਂ ਪੱਖਪਾਤੀ ਪ੍ਰਕਿਰਿਆ ਜਾਰੀ ਰਹਿੰਦੀ ਹੈ, ਤਾਂ ਟਕਰਾਅ ਦੀ ਸਥਿਤੀ ਪੈਦਾ ਹੋ ਸਕਦੀ ਹੈ, ਜਿਸਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।