ਚਿੰਤਪੁਰਨੀ ਤੋਂ ਮੱਥਾ ਟੇਕ ਕੇ ਆਪਣੇ ਘਰ ਬਟਾਲਾ ਵਾਪਸ ਆ ਰਹੇ ਪਰਿਵਾਰ ਨਾਲ ਮੁਕੇਰੀਆਂ ਤੋਂ ਗੁਰਦਾਸਪੁਰ ਜਾ ਰਹੇ ਰੋਡ ‘ਤੇ ਭਿਆਨਕ ਸੜਕ ਹਾਦਸਾ ਵਾਪਰਿਆ। ਪਿੰਡ ਜਗਤਪੁਰ ਟਾਂਡਾ ਨੇੜੇ ਤੇਜ਼ ਰਫਤਾਰ ਕਾਰ ਗੰਨਾ ਲੱਦ ਕੇ ਆ ਰਹੀ ਟਰਾਲੀ ਨਾਲ ਟੱਕਰ ਮਾਰ ਗਈ।
ਟੱਕਰ ਇਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਕਾਰ ਵਿੱਚ ਸਵਾਰ 6 ਲੋਕ ਜਖਮੀ ਹੋ ਗਏ। ਜਖਮੀਆਂ ਵਿੱਚ ਦੋ ਔਰਤਾਂ ਅਤੇ ਇੱਕ 15-16 ਸਾਲ ਦਾ ਬੱਚਾ ਵੀ ਸ਼ਾਮਿਲ ਹੈ। ਬੱਚੇ ਅਤੇ ਇੱਕ ਹੋਰ ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਮੌਕੇ ਤੇ ਨਜ਼ਦੀਕੀ ਲੋਕਾਂ ਅਤੇ ਪੈਟਰੋਲ ਪੰਪ ਦੇ ਕਰਿੰਦਿਆਂ ਨੇ ਦੱਸਿਆ ਕਿ ਕਾਰ ਕਾਫੀ ਤੇਜ਼ ਰਫਤਾਰ ਸੀ। ਟੱਕਰ ਤੋਂ ਬਾਅਦ ਹੋਈ ਧਮਾਕੇ ਦੀ ਆਵਾਜ਼ ਤੋਂ ਲੋਕ ਦੌੜ ਕੇ ਘਟਨਾ ਸਥਲ ‘ਤੇ ਪਹੁੰਚੇ ਅਤੇ ਵੇਖਿਆ ਕਿ ਕਾਰ ਟਰਾਲੀ ਦੇ ਹੇਠਾਂ ਫਸ ਚੁੱਕੀ ਸੀ। ਮਸ਼ੱਕਤ ਤੋਂ ਬਾਅਦ ਕਾਰ ਦੇ ਸ਼ੀਸ਼ੇ ਤੋੜ ਕੇ ਜਖਮੀਆਂ ਨੂੰ ਬਾਹਰ ਕੱਢਿਆ ਗਿਆ।
ਜਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਮੌਕੇ ‘ਤੇ ਪਹੁੰਚ ਕੇ ਮੁਕੇਰੀਆਂ ਹਸਪਤਾਲ ਲਿਜਾਇਆ ਗਿਆ। ਸੰਬੰਧਿਤ ਥਾਣਾ ਪੁਰਾਣਾ ਸ਼ਾਲਾ ਦੇ ਐਸਐਚਓ ਸੁਰਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਖਮੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

















