ਦੋ ਮਹੀਨੇ ਤੋਂ ਗਾਇਬ ਵਿਆਹੁਤਾ, ਪਰਿਵਾਰ ਨੇ ਪ੍ਰੇਮੀ ਨਾਲ ਫਰਾਰ ਹੋਣ ਦੇ ਦੋਸ਼ ਲਗਾਏ

ਨਜ਼ਦੀਕੀ ਪਿੰਡ ਨੁਸ਼ਹਿਰਾ ਬਹਾਦਰ ਦੀ ਰਹਿਣ ਵਾਲੀ ਇੱਕ ਵਿਆਹੁਤਾ ਪਿਛਲੇ ਕਰੀਬ ਦੋ ਮਹੀਨੇ ਤੋਂ ਲਾਪਤਾ ਹੈ। ਔਰਤ ਦੋ ਬੱਚਿਆਂ ਦੀ ਮਾਂ ਦੱਸੀ ਜਾ ਰਹੀ ਹੈ ਅਤੇ ਗਾਇਬ ਹੋਣ ਸਮੇਂ ਉਹ ਆਪਣੇ ਨਾਲ ਡੇਢ ਸਾਲ ਦਾ ਇੱਕ ਬੱਚਾ, ਕਰੀਬ 90 ਹਜ਼ਾਰ ਰੁਪਏ ਨਗਦ ਅਤੇ ਗਹਿਣੇ ਵੀ ਲੈ ਗਈ।
ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਔਰਤ ਆਪਣੇ ਪ੍ਰੇਮੀ ਨਾਲ ਫਰਾਰ ਹੋਈ ਹੈ, ਜੋ ਕਿ ਪਿੰਡ ਬੱਬੇਹਾਲੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪਰਿਵਾਰ ਮੁਤਾਬਕ, ਇਹ ਨੌਜਵਾਨ ਕਾਫੀ ਸਮੇਂ ਤੋਂ ਉਹਨਾਂ ਦੇ ਘਰ ਆਉਂਦਾ-ਜਾਂਦਾ ਸੀ ਅਤੇ ਗਾਇਬੀ ਵਾਲੇ ਦਿਨ ਪਿੰਡ ਦੇ ਇੱਕ ਵਿਅਕਤੀ ਨੇ ਔਰਤ ਨੂੰ ਉਸ ਨੌਜਵਾਨ ਨਾਲ ਕਾਰ ਵਿੱਚ ਬੈਠਦੇ ਵੀ ਦੇਖਿਆ ਸੀ।

ਮਾਮਲੇ ਦੀ ਸ਼ਿਕਾਇਤ ਪਰਿਵਾਰ ਵੱਲੋਂ ਸੰਬੰਧਤ ਪੁਲਿਸ ਥਾਣੇ ਵਿੱਚ ਦਰਜ ਕਰਵਾਈ ਗਈ ਹੈ, ਪਰ ਪਰਿਵਾਰ ਨੇ ਪੁਲਿਸ ਵੱਲੋਂ ਕੋਈ ਢੁਕਵੀਂ ਕਾਰਵਾਈ ਨਾ ਕੀਤੇ ਜਾਣ ਦਾ ਦੋਸ਼ ਵੀ ਲਗਾਇਆ ਹੈ। ਪਰਿਵਾਰ ਦੀ ਗੁਹਾਰ ਹੈ ਕਿ ਭਾਵੇਂ ਔਰਤ ਜਿੱਥੇ ਮਰਜ਼ੀ ਰਹੇ, ਪਰ ਡੇਢ ਸਾਲ ਦੇ ਬੱਚੇ ਨੂੰ ਉਹਨਾਂ ਕੋਲ ਵਾਪਸ ਕਰਵਾਇਆ ਜਾਵੇ।

ਦੂਜੇ ਪਾਸੇ, ਜਿਸ ਨੌਜਵਾਨ ਨਾਲ ਔਰਤ ਦੇ ਫਰਾਰ ਹੋਣ ਦੇ ਦੋਸ਼ ਲੱਗ ਰਹੇ ਹਨ, ਉਸ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੇ ਲੜਕੇ ਨਾਲ ਇਸ ਮਾਮਲੇ ਦਾ ਕੋਈ ਸੰਬੰਧ ਨਹੀਂ ਹੈ। ਫਿਰ ਵੀ ਉਹ ਆਪਣੇ ਤੌਰ ’ਤੇ ਦੋਹਾਂ ਦੀ ਭਾਲ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਆਪਣੇ ਸਾਰੇ ਰਿਸ਼ਤੇਦਾਰਾਂ ਕੋਲ ਪਤਾ ਕਰ ਚੁੱਕੇ ਹਨ, ਪਰ ਹਾਲੇ ਤੱਕ ਕੋਈ ਸੁਰਾਗ ਨਹੀਂ ਮਿਲਿਆ।

ਉਨ੍ਹਾਂ ਕਿਹਾ ਕਿ ਜੇਕਰ ਦੋਹਾਂ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਘੱਟੋ-ਘੱਟ ਬੱਚੇ ਨੂੰ ਵਾਪਸ ਕਰਵਾਉਣ ਲਈ ਜ਼ਰੂਰ ਕਦਮ ਚੁੱਕੇ ਜਾਣਗੇ। ਉੱਥੇ ਹੀ, ਸੰਬੰਧਤ ਥਾਣਾ ਪੁਰਾਣਾ ਸ਼ਾਲਾ ਦੇ ਐਸਐਚਓ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਸਬੰਧੀ ਡੀ.ਡੀ.ਆਰ ਦਰਜ ਕਰ ਲਈ ਗਈ ਹੈ ਅਤੇ ਔਰਤ ਦੀ ਭਾਲ ਲਈ ਕਾਰਵਾਈ ਜਾਰੀ ਹੈ।