ਸ਼ਾਹਕੋਟ ਹਲਕੇ ਦੇ ਲੋਕਾਂ ਲਈ ਵੱਡੀ ਉਮੀਦ — ਸਤਲੁਜ ਦਰਿਆ ਤੇ ਰੇਲ ਪੁਲ ਦਾ ਮਸਲਾ ਜਲਦ ਹੋ ਸਕਦਾ ਹੈ ਹੱਲ

Oplus_131072

ਸ਼ਾਹਕੋਟ, 12 ਨਵੰਬਰ (ਪੰਕਜ ਸੋਨੀ/ਹਨੀ ਸਿੰਘ)
ਹਰ ਸਾਲ ਬਰਸਾਤ ਦੇ ਮੌਸਮ ਵਿੱਚ ਸ਼ਾਹਕੋਟ ਹਲਕੇ ਦੇ ਲੋਕ ਡਰ ਦੇ ਸਾਏ ਹੇਠ ਰਹਿੰਦੇ ਹਨ। ਸਤਲੁਜ ਦਰਿਆ ਦਾ ਬੰਨ ਕਈ ਥਾਵਾਂ ’ਤੇ ਟੁੱਟਣ ਦੇ ਖਤਰੇ ਕਾਰਨ ਸੈਂਕੜਿਆਂ ਪਿੰਡਾਂ ਦੇ ਵਾਸੀਆਂ ਨੂੰ ਹਮੇਸ਼ਾ ਚਿੰਤਾ ਘੇਰ ਲੈਂਦੀ ਹੈ। ਇਸ ਖਤਰੇ ਦਾ ਸਭ ਤੋਂ ਵੱਡਾ ਕਾਰਣ ਪਿੰਡ ਗਿੱਦੜ ਪਿੰਡੀ ਵਿਖੇ ਬਣਿਆ ਲਗਭਗ 100 ਸਾਲ ਪੁਰਾਣਾ ਰੇਲ ਪੁਲ ਹੈ।
ਇਸ ਪੁਲ ਦੀ ਮਜ਼ਬੂਤੀ ਲਈ ਲਗਾਏ ਗਏ ਭਾਰੀ ਲੋਹੇ ਦੇ ਗਾਡਰ ਪੁਲ ਦੇ ਹੇਠਲੇ ਹਿੱਸੇ ਵਿੱਚ ਹਨ, ਜਿੱਥੇ ਹਰ ਸਾਲ ਬਰਸਾਤਾਂ ਦੌਰਾਨ ਦਰਿਆਈ ਬੂਟੇ ਤੇ ਰੁੱਖ ਫੱਸ ਜਾਂਦੇ ਹਨ। ਇਸ ਨਾਲ ਦਰਿਆ ਦਾ ਪਾਣੀ ਪਿਛਲੇ ਪਾਸੇ ਇਕੱਠਾ ਹੋ ਕੇ ਡਾਫ਼ ਬਣਾਉਂਦਾ ਹੈ, ਜਿਸ ਕਾਰਨ ਬੰਨ ’ਤੇ ਦਬਾਅ ਵੱਧ ਜਾਂਦਾ ਹੈ ਅਤੇ ਬੰਨ ਟੁੱਟਣ ਦਾ ਖਤਰਾ ਬਣਿਆ ਰਹਿੰਦਾ ਹੈ।
ਇਹ ਸਮੱਸਿਆ ਦਹਾਕਿਆਂ ਪੁਰਾਣੀ ਹੈ ਅਤੇ ਬੰਨ ਨਾਲ ਲੱਗਦੇ ਲਗਭਗ 70 ਤੋਂ 80 ਪਿੰਡਾਂ ਦੇ ਲੋਕਾਂ ਦੀ ਪੁਰਜ਼ੋਰ ਮੰਗ ਰਹੀ ਹੈ ਕਿ ਇਸ ਦਾ ਸਥਾਈ ਹੱਲ ਕੀਤਾ ਜਾਵੇ।
ਇਸ ਮਾਮਲੇ ਨੂੰ ਲੈ ਕੇ ਹਾਲ ਹੀ ਵਿੱਚ ਭਾਰਤ ਦੇ ਰੇਲ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਜੀ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਦੌਰਾਨ ਸਾਰਾ ਮਾਮਲਾ ਵਿਸਥਾਰ ਨਾਲ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ। ਰੇਲ ਮੰਤਰੀ ਨੇ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਕਾਰਵਾਈ ਦੇ ਹੁਕਮ ਜਾਰੀ ਕੀਤੇ।
ਮੰਤਰੀ ਵਲੋਂ ਵਿਖਾਈ ਗਈ ਸੰਜੀਦਗੀ ਦੇ ਆਧਾਰ ’ਤੇ ਲੋਕਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਰੇਲ ਵਿਭਾਗ ਜਲਦ ਹੀ ਇਸ ਲੰਬੇ ਸਮੇਂ ਤੋਂ ਲਟਕਦੇ ਮਸਲੇ ਦਾ ਨਿਪਟਾਰਾ ਕਰੇਗਾ ਅਤੇ ਸਤਲੁਜ ਦੇ ਕਿਨਾਰੇ ਵਸਦੇ ਪਿੰਡਾਂ ਨੂੰ ਹਰ ਸਾਲ ਆਉਣ ਵਾਲੇ ਡਰ ਤੋਂ ਰਹਾਤ ਮਿਲੇਗੀ