ਦੁਰਘਟਨਾ ਵਿੱਚ ਬੁੱਝੀਆਂ ਜਿੰਦਗੀਆਂ, ਤੇ ਮੌਕੇ ‘ਤੇ ਚੋਰਾਂ ਨੇ ਲੁੱਟ ਲਈ ਇਨਸਾਨੀਅਤ

ਪੰਜਾਬ ਦੇ ਲੁਧਿਆਣਾ ਤੋਂ ਚੋਰਾਂ ਦੀ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ। ਚੋਰ ਮ੍ਰਿਤਕਾਂ ਦੇ ਸ਼ਰੀਰਾਂ ਤੋਂ ਸੋਨੇ ਦੇ ਕੀਮਤੀ ਗਹਿਣੇ ਅਤੇ ਨਕਦ ਚੋਰੀ ਕਰਕੇ ਫਰਾਰ ਹੋ ਗਏ। ਬੀਤੇ ਦਿਨ ਧੀ ਦੀ ਡੋਲੀ ਛੱਡ ਕੇ ਸਰਹਿੰਦ ਵਾਪਸ ਆਉਂਦੇ ਸਮੇਂ ਟਰਾਲੇ ਨਾਲ ਕਾਰ ਦੀ ਟੱਕਰ ਹੋਣ ਕਾਰਨ ਵਾਪਰੇ ਦਰਦਨਾਕ ਹਾਦਸੇ ਵਿੱਚ ਮਾਤਾ-ਪਿਤਾ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।

ਹਾਦਸੇ ਤੋਂ ਤੁਰੰਤ ਬਾਅਦ ਕੁਝ ਮੌਕਾਪਰਸਤ ਲੋਕਾਂ ਨੇ ਮ੍ਰਿਤਕਾਂ ਦੇ ਸ਼ਰੀਰਾਂ ਤੋਂ ਗਹਿਣੇ ਅਤੇ ਨਕਦੀ ਚੋਰੀ ਕਰਕੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ। ਮ੍ਰਿਤਕਾਂ ਦੇ ਗਲੋਂ ਹਾਰ, ਮੁੰਦਰੀਆਂ, ਕੜੇ, ਇੱਕ ਐਪਲ ਵਾਚ, ਕੁੱਲ 15 ਤੋਲੇ ਸੋਨਾ, 3 ਲੱਖ ਰੁਪਏ ਨਕਦ ਅਤੇ ਵਿਆਹ ਵਿੱਚ ਮਿਲੇ ਲਗਭਗ 2 ਲੱਖ ਰੁਪਏ ਦੇ ਸ਼ਗਨ ਸਮੇਤ ਸਾਰਾ ਸਮਾਨ ਨੋਸਰਾਬਾਜ਼ ਚੋਰ ਲੈ ਉੱਡੇ।

ਜਾਣਕਾਰੀ ਅਨੁਸਾਰ, ਲੁਧਿਆਣਾ ਦੇ ਸਟੈਲੋਨ ਮੈਨੋਰ ਪੈਲੇਸ ਵਿੱਚ ਵਿਆਹ ਮਗਰੋਂ ਲਾੜੀ ਗਜ਼ਲ ਦੀ ਡੋਲੀ ਜਲੰਧਰ ਲਈ ਰਵਾਨਾ ਹੋਈ ਸੀ। ਇਸ ਦੌਰਾਨ ਉਸਦੇ ਮਾਤਾ-ਪਿਤਾ ਤੇ ਪਰਿਵਾਰ ਦੇ ਕੁਝ ਮੈਬਰ ਇੱਕ ਇਨੋਵਾ ਕ੍ਰਿਸਟਾ ਵਿੱਚ ਸਰਹਿੰਦ ਵਾਪਸ ਆ ਰਹੇ ਸਨ। ਤੇਜ਼ ਰਫ਼ਤਾਰ ਇਨੋਵਾ ਦੀ ਟਰੱਕ ਨਾਲ ਟੱਕਰ ਹੋ ਗਈ। ਇਹ ਹਾਦਸਾ ਪਿੰਡ ਖਾਕਟ ਵਿੱਚ ਜੈਦੀ ਫੈਬਰਿਕਸ ਲਿਮਿਟਡ ਦੇ ਨੇੜੇ ਉਹ ਵੇਲੇ ਹੋਇਆ, ਜਦੋਂ ਅੱਗੇ ਜਾਂ ਰਹੇ ਟਰੱਕ RJ20GB-3704 ਨੇ ਅਚਾਨਕ ਬ੍ਰੇਕ ਲਗਾ ਦਿੱਤੀ।

ਤੇਜ਼ ਰਫ਼ਤਾਰ ਵਿੱਚ ਦੌੜ ਰਹੀ ਇਨੋਵਾ ਸਿੱਧੀ ਟਰੱਕ ਦੇ ਪਿੱਛੇ ਜਾ ਟਕਰਾਈ ਅਤੇ ਕਈ ਮੀਟਰ ਤੱਕ ਘਸੀਟਦੀ ਰਹੀ। ਕਾਰ ਵਿੱਚ ਲਾੜੀ ਦੇ ਮਾਤਾ-ਪਿਤਾ ਅਤੇ ਹੋਰ ਰਿਸ਼ਤੇਦਾਰ ਮੌਜੂਦ ਸਨ। ਟੱਕਰ ਕਾਰਨ ਅਸ਼ੋਕ ਨੰਦਾ, ਕਿਰਨ ਨੰਦਾ ਅਤੇ ਰੇਣੂ ਬਾਲਾ ਨੂੰ ਹਸਪਤਾਲ ਲਿਜਾਂਦੇ ਸਮੇਂ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਮੋਹਨ ਕੁਮਾਰ ਨੰਦਾ ਅਤੇ ਸ਼ਰਮੀਲੀ ਨੰਦਾ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਅਪੋਲੋ ਹਸਪਤਾਲ ਰੈਫਰ ਕੀਤਾ ਗਿਆ ਹੈ।

ਲਾੜੀ ਦੀ ਪਾਲਕੀ ਲਾਡੋਵਾਲ ਪਹੁੰਚਣ ‘ਤੇ ਪਰਿਵਾਰ ਨੂੰ ਇਸ ਹਾਦਸੇ ਦੀ ਸੂਚਨਾ ਦਿੱਤੀ ਗਈ। ਖ਼ਬਰ ਮਿਲਦੇ ਹੀ ਡੋਲੀ ਤੁਰੰਤ ਜਲੰਧਰ ਤੋਂ ਸਰਹਿੰਦ ਵੱਲ ਮੁੜ ਗਈ। ਵਿਆਹ ਵਾਲਾ ਘਰ ਮਾਤਮ ਵਿੱਚ ਤਬਦੀਲ ਹੋ ਗਿਆ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਉਸਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।