ਬੰਬ ਦੀ ਧਮਕੀ ਤੋਂ ਬਾਅਦ Indigo Flight ਦੀ ਐਮਰਜੈਂਸੀ ਲੈਂਡਿੰਗ
ਕੁਵੈਤ ਤੋਂ ਹੈਦਰਾਬਾਦ ਆ ਰਹੀ ਇੰਡਿਗੋ ਏਅਰਲਾਈਂਜ਼ ਦੀ ਇੱਕ ਫਲਾਈਟ ਨੂੰ ਮੰਗਲਵਾਰ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਤੁਰੰਤ ਮੁੰਬਈ ਡਾਈਵਰਟ ਕਰਕੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਰਿਪੋਰਟਾਂ ਮੁਤਾਬਕ ਹੈਦਰਾਬਾਦ ਏਅਰਪੋਰਟ ਨੂੰ ਇੱਕ ਡੀਟੇਲਡ ਈਮੇਲ ਮਿਲੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਜਹਾਜ਼ ’ਚ ਇੱਕ ਹਿਊਮਨ ਬੰਬ ਸਵਾਰ ਹੈ।
ਮੁੰਬਈ ਏਅਰਪੋਰਟ ‘ਤੇ ਸੁਰੱਖਿਅਤ ਲੈਂਡਿੰਗ ਮਗਰੋਂ ਯਾਤਰੀਆਂ ਨੂੰ ਤੁਰੰਤ ਬਾਹਰ ਕੱਢਿਆ ਗਿਆ ਅਤੇ ਜਹਾਜ਼ ਨੂੰ ਆਈਸੋਲੇਸ਼ਨ ਖੇਤਰ ਵਿੱਚ ਲੈ ਜਾ ਕੇ ਪੂਰੀ ਤਰ੍ਹਾਂ ਚੈਕ ਕੀਤਾ ਗਿਆ। ਫਿਲਹਾਲ ਜਹਾਜ਼ ਤੋਂ ਕੋਈ ਬੰਬ ਮਿਲਣ ਦੀ ਪੁਸ਼ਟੀ ਨਹੀਂ ਹੋਈ। ਸੁਰੱਖਿਆ ਏਜੰਸੀਆਂ ਮੌਕੇ ‘ਤੇ ਤੈਨਾਤ ਹਨ ਅਤੇ ਹਾਲਾਤਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ।
ਪਿਛਲੇ ਕੁਝ ਹਫ਼ਤਿਆਂ ਤੋਂ ਦੇਸ਼ ਦੇ ਕਈ ਏਅਰਪੋਰਟ—ਦਿੱਲੀ, ਗੋਆ, ਚੇਨਨਾਈ ਸਮੇਤ—ਲਗਾਤਾਰ ਬੰਬ ਧਮਕੀ ਵਾਲੀਆਂ ਈਮੇਲਾਂ ਮਿਲ ਰਹੀਆਂ ਹਨ, ਜਿਸ ਕਾਰਨ ਸੁਰੱਖਿਆ ਪਹਿਲਾਂ ਹੀ ਹਾਈ ਅਲਰਟ ’ਤੇ ਹੈ। ਇਸ ਤੋਂ ਪਹਿਲਾਂ ਟੋਰੰਟੋ ਤੋਂ ਦਿੱਲੀ ਆ ਰਹੀ ਫਲਾਈਟ ਅਤੇ ਮੁੰਬਈ ਤੋਂ ਵਾਰਾਣਸੀ ਜਾ ਰਹੀ ਫਲਾਈਟ ਨੂੰ ਵੀ ਇਸ ਤਰ੍ਹਾਂ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਫਿਲਹਾਲ ਇੰਡਿਗੋ ਵੱਲੋਂ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ।
















